ਜਲਦ ਮਹਿੰਗੀ ਹੋ ਸਕਦੀ ਹੈ ਖੰਡ, ਮਿੱਲਾਂ ਦੇ MSP ''ਚ ਹੋਵੇਗਾ ਇੰਨਾ ਵਾਧਾ

07/15/2020 10:23:08 PM

ਨਵੀਂ ਦਿੱਲੀ— ਜਲਦ ਹੀ ਖੰਡ ਮਹਿੰਗੀ ਹੋ ਸਕਦੀ ਹੈ। ਇਸ ਦਾ ਕਾਰਨ ਹੈ ਕਿ ਖੰਡ ਮਿੱਲਾਂ ਨੂੰ ਗੰਨਾ ਕਿਸਾਨਾਂ ਦਾ ਬਕਾਇਆ ਲਾਉਣ 'ਚ ਸਹਾਇਤਾ ਕਰਨ ਲਈ ਸਰਕਾਰ ਖੰਡ ਮਿੱਲਾਂ ਦੇ ਘੱਟੋ-ਘੱਟ ਵਿਕਰੀ ਮੁੱਲ (ਐੱਮ. ਐੱਸ. ਪੀ.) 'ਚ ਵਾਧਾ ਕਰਨ ਜਾ ਰਹੀ ਹੈ। ਮਤਲਬ, ਇਸ ਮੁੱਲ ਤੋਂ ਹੇਠਾਂ ਕੋਈ ਮਿੱਲ ਖੰਡ ਨਹੀਂ ਵੇਚੇਗੀ, ਲਿਹਾਜਾ ਪ੍ਰਚੂਨ 'ਚ ਖੰਡ ਮਹਿੰਗੀ ਹੋ ਸਕਦੀ ਹੈ।

ਬੁੱਧਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੇ ਮੰਤਰੀ ਸਮੂਹ ਨੇ ਖੰਡ ਮਿੱਲਾਂ ਦਾ ਘੱਟੋ-ਘੱਟ ਵਿਕਰੀ ਮੁੱਲ 2 ਰੁਪਏ ਵਧਾ ਕੇ 33 ਰੁਪਏ ਪ੍ਰਤੀ ਕਿਲੋ ਕਰਨ ਦੀ ਸਿਫਾਰਸ਼ ਕੀਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਇਸ ਮੀਟਿੰਗ 'ਚ ਮੌਜੂਦ ਸਨ।

ਸਰਕਾਰੀ ਅੰਕੜਿਆਂ ਅਨੁਸਾਰ ਖੰਡ ਮਿੱਲਾਂ ਨੇ ਸਾਲ 2019-20 ਦੇ ਸੀਜ਼ਨ (ਅਕਤੂਬਰ-ਸਤੰਬਰ) ਦੌਰਾਨ ਕਿਸਾਨਾਂ ਤੋਂ ਤਕਰੀਬਨ 72,000 ਕਰੋੜ ਰੁਪਏ ਦਾ ਗੰਨਾ ਖਰੀਦਿਆ ਹੈ। ਇਸ 'ਚੋਂ ਕਿਸਾਨਾਂ ਨੂੰ ਅਜੇ ਤਕਰੀਬਨ 20,000 ਕਰੋੜ ਰੁਪਏ ਦਾ ਭੁਗਤਾਨ ਕਰਨਾ ਬਾਕੀ ਹੈ। ਖੰਡ ਉਤਪਾਦਨ ਸਾਲ ਦੀ ਗਣਨਾ ਹਰ ਸਾਲ 1 ਅਕਤੂਬਰ ਤੋਂ ਅਗਲੇ ਸਾਲ ਦੀ 30 ਸਤੰਬਰ ਤੱਕ ਕੀਤੀ ਜਾਂਦੀ ਹੈ। 
ਮੀਟਿੰਗ 'ਚ ਇਹ ਵੀ ਵਿਚਾਰਿਆ ਗਿਆ ਕਿ ਖੰਡ ਮਿੱਲਾਂ ਇਸ ਬਕਾਏ ਦੀ ਅਦਾਇਗੀ ਨੂੰ ਜਲਦ ਤੋਂ ਜਲਦ ਕਿਵੇਂ ਯਕੀਨੀ ਬਣਾ ਸਕਦੀਆਂ ਹਨ। ਵਿਚਾਰੇ ਗਏ ਪ੍ਰਸਤਾਵਾਂ 'ਚੋਂ ਇਕ ਖੰਡ ਦਾ ਘੱਟੋ-ਘੱਟ ਵਿਕਰੀ ਮੁੱਲ ਵਧਾਉਣਾ ਸੀ। ਸੂਤਰਾਂ ਨੇ ਕਿਹਾ ਕਿ ਜੇਕਰ ਖੰਡ ਦੇ ਐੱਮ. ਐੱਸ. ਪੀ. 'ਚ ਵਾਧਾ ਮਿੱਲਾਂ 'ਤੇ ਕਿਸਾਨਾਂ ਦੇ ਗੰਨੇ ਦਾ ਬਕਾਇਆ ਘੱਟ ਕਰਨ 'ਚ ਸਹਾਇਤਾ ਨਹੀਂ ਕਰਦਾ ਤਾਂ ਸਰਕਾਰ ਹੋਰ ਬਦਲਾਂ 'ਤੇ ਵਿਚਾਰ ਕਰੇਗੀ।


Sanjeev

Content Editor

Related News