ਮੋਟਰਸਾਈਕਲ ਚੋਰੀ ਦਾ ਨਹੀਂ ਦਿੱਤਾ ਕਲੇਮ, ਹੁਣ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਦੇਵੇਗੀ ਹਰਜਾਨਾ
Sunday, Apr 08, 2018 - 10:38 PM (IST)

ਗੁਰਦਾਸਪੁਰ (ਵਿਨੋਦ)-ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਨੇ ਮੋਟਰਸਾਈਕਲ ਚੋਰੀ ਦੇ ਕੇਸ 'ਚ ਸ਼ਿਕਾਇਤਕਰਤਾ ਨੂੰ ਰਾਹਤ ਦਿੰਦਿਆਂ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ ਸ਼ਿਕਾਇਤਕਰਤਾ ਨੂੰ ਮੋਟਰਸਾਈਕਲ ਦੀ ਕਲੇਮ ਰਾਸ਼ੀ, 3 ਹਜ਼ਾਰ ਰੁਪਏ ਹਰਜਾਨਾ ਤੇ 2 ਹਜ਼ਾਰ ਰੁਪਏ ਅਦਾਲਤੀ ਖਰਚੇ ਸਮੇਤ 30 ਦਿਨ 'ਚ ਅਦਾ ਕਰੇ।
ਕੀ ਹੈ ਮਾਮਲਾ
ਬਟਾਲਾ ਦੇ ਕਾਰੋਬਾਰੀ ਜੋਗਿੰਦਰ ਪਾਲ ਪੁੱਤਰ ਰਾਮ ਧਨ ਨੇ ਇਕ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਖਰੀਦਿਆ ਸੀ। ਇਸ ਮੋਟਰਸਾਈਕਲ ਦੀ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਅੰਮ੍ਰਿਤਸਰ ਦਫ਼ਤਰ ਤੋਂ ਇੰਸ਼ੋਰੈਂਸ ਕਰਵਾਈ ਗਈ ਸੀ। ਜਦੋਂ ਕਿ ਮੋਟਰਸਾਈਕਲ ਨੂੰ ਜ਼ਿਆਦਾਤਰ ਜੋਗਿੰਦਰ ਪਾਲ ਦਾ ਪੋਤਰਾ ਵਿਪੁਲ ਅਗਰਵਾਲ ਹੀ ਚਲਾਉਂਦਾ ਸੀ। ਇੰਸ਼ੋਰੈਂਸ ਕੰਪਨੀ ਵੱਲੋਂ ਜਾਰੀ ਮੋਟਰਸਾਈਕਲ ਦੀ ਇੰਸ਼ੋਂਰੈਂਸ ਪਾਲਿਸੀ ਦੀ ਵੈਧਤਾ 10 ਮਾਰਚ, 2017 ਤੱਕ ਸੀ। ਇਸ ਦੌਰਾਨ 25 ਜੂਨ, 2016 ਨੂੰ ਮੋਟਰਸਾਈਕਲ ਘਰ ਦੇ ਬਾਹਰੋਂ ਚੋਰੀ ਹੋ ਗਿਆ।
ਇਸ ਸਬੰਧੀ ਵਿਪੁਲ ਅਗਰਵਾਲ ਨੇ ਇੰਸ਼ੋਰੈਂਸ ਕੰਪਨੀ ਨੂੰ ਸੂਚਿਤ ਕਰ ਦਿੱਤਾ ਅਤੇ ਸਿਟੀ ਪੁਲਸ ਸਟੇਸ਼ਨ ਬਟਾਲਾ 'ਚ ਇਸ ਸਬੰਧੀ ਐੱਫ. ਆਈ. ਆਰ. ਵੀ ਦਰਜ ਕਰਵਾ ਦਿੱਤੀ। ਪੁਲਸ ਨੇ ਪੁਰਾਣੀ ਦਰਜ ਇਕ ਐੱਫ. ਆਈ. ਆਰ. ਨੰਬਰ 9 ਤਰੀਕ 15 ਜਨਵਰੀ, 2016 'ਚ ਹੀ ਇਸ ਮੋਟਰਸਾਈਕਲ ਚੋਰੀ ਦੀ ਘਟਨਾ ਨੂੰ ਸ਼ਾਮਲ ਕਰ ਲਿਆ ਪਰ ਇੰਸ਼ੋਰੈਂਸ ਕੰਪਨੀ ਨੇ ਇਹ ਕਹਿ ਕਰ ਕਲੇਮ ਰੱਦ ਕਰ ਦਿੱਤਾ ਕਿ ਵਿਪੁਲ ਨਾਂ ਦੇ ਕਿਸੇ ਵਿਅਕਤੀ ਨੇ ਮੋਟਰਸਾਈਕਲ ਦੀ ਇੰਸ਼ੋਰੈਂਸ ਸਾਡੇ ਕੋਲ ਨਹੀਂ ਕਰਵਾਈ ਹੈ। ਸ਼ਿਕਾਇਤਕਰਤਾ ਨੇ ਇੰਸ਼ੋਰੈਂਸ ਕੰਪਨੀ ਨੂੰ 25 ਨਵੰਬਰ, 2016 ਨੂੰ ਲੀਗਲ ਨੋਟਿਸ ਵੀ ਦਿੱਤਾ ਪਰ ਕੁੱਝ ਫਾਇਦਾ ਨਹੀਂ ਹੋਇਆ। ਪ੍ਰੇਸ਼ਾਨ ਹੋ ਕੇ ਉਸ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਕੀ ਕਿਹਾ ਫੋਰਮ ਨੇ
ਫੋਰਮ ਦੇ ਪ੍ਰਧਾਨ ਨਵੀਨ ਪੁਰੀ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ ਸ਼ਿਕਾਇਤਕਰਤਾ ਨੂੰ ਮੋਟਰਸਾਈਕਲ ਦੀ ਪੂਰੀ ਇੰਸ਼ੋਰੈਂਸ ਰਾਸ਼ੀ ਅਦਾ ਕਰੇ। ਇਸ ਦੇ ਨਾਲ ਹੀ 3 ਹਜ਼ਾਰ ਰੁਪਏ ਹਰਜਾਨਾ ਰਾਸ਼ੀ ਅਤੇ 2 ਹਜ਼ਾਰ ਰੁਪਏ ਅਦਾਲਤੀ ਖਰਚੇ ਵਜੋਂ 30 ਦਿਨਾਂ ਦੇ ਅੰਦਰ ਸ਼ਿਕਾਇਤਕਰਤਾ ਨੂੰ ਅਦਾ ਕਰਨ ਦਾ ਵੀ ਹੁਕਮ ਇੰਸ਼ੋਰੈਂਸ ਕੰਪਨੀ ਨੂੰ ਸੁਣਾਇਆ ਹੈ। ਅਜਿਹਾ ਨਾ ਕਰਨ 'ਤੇ ਪੂਰੀ ਰਾਸ਼ੀ 9 ਫ਼ੀਸਦੀ ਵਿਆਜ ਸਮੇਤ ਅਦਾ ਕਰਨੀ ਹੋਵੇਗੀ।