ਸਰਕਾਰੀ ਹੈਲਪਲਾਈਨ 'ਤੇ ਸਭ ਤੋਂ ਜ਼ਿਆਦਾ ਸ਼ਿਕਾਇਤਾਂ Flipkart ਖਿਲਾਫ, ਜੀਓ ਵੀ ਪਿੱਛੇ ਨਹੀਂ
Saturday, Nov 16, 2019 - 05:03 PM (IST)

ਨਵੀਂ ਦਿੱਲੀ — ਸਰਕਾਰ ਦੀ ਨੈਸ਼ਨਲ ਹੈਲਪਲਾਈਨ 'ਤੇ ਮਿਲ ਰਹੀਆਂ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦੀ ਸੂਚੀ 'ਚ ਈ-ਕਾਮਰਸ ਕੰਪਨੀ ਫਲਿੱਪਕਾਰਟ ਸਭ ਤੋਂ ਉੱਪਰ ਹੈ। ਇਸ ਸਰਕਾਰੀ ਹੈਲਪਲਾਈਨ ਨੂੰ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਕਰਨ ਲਈ ਸਥਾਪਤ ਕੀਤਾ ਗਿਆ ਹੈ। ਉਪਭੋਗਤਾ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਹੈਲਪਲਾਈਨ 'ਤੇ ਦਰਜ ਹਰ ਪੰਜ ਸ਼ਿਕਾਇਤਾਂ ਵਿਚੋਂ ਇਕ ਫਲਿੱਪਕਾਰਟ ਨਾਲ ਜੁੜੀ ਹੈ। ਈ-ਕਾਮਰਸ ਤੋਂ ਇਲਾਵਾ ਬੈਂਕਿੰਗ ਅਤੇ ਦੂਰਸੰਚਾਰ ਸੈਕਟਰ ਖਿਲਾਫ ਜ਼ਿਆਦਾ ਸ਼ਿਕਾਇਤਾਂ ਮਿਲ ਰਹੀਆਂ ਹਨ।
ਰਿਪੋਰਟ ਅਨੁਸਾਰ ਇਸ ਵਿੱਤੀ ਸਾਲ 'ਚ ਹੁਣ ਤੱਕ ਦਰਜ ਕੀਤੀਆਂ ਲਗਭਗ 5 ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਵਿਚੋਂ 100,000 ਤੋਂ ਜ਼ਿਆਦਾ ਈ-ਕਾਮਰਸ ਕੰਪਨੀਆਂ ਦੇ ਖਿਲਾਫ ਹੀ ਸਨ। ਰਿਲਾਇੰਸ ਜੀਓ ਵੀ ਇਸ ਦੌੜ 'ਚ ਪਿੱਛੇ ਨਹੀਂ ਹੈ। ਬੈਂਕਾਂ ਖਿਲਾਫ 41,600 ਸ਼ਿਕਾਇਤਾਂ ਅਤੇ ਟੈਲੀਕਾਮ ਕੰਪਨੀਆਂ ਖਿਲਾਫ 29,400 ਸ਼ਿਕਾਇਤਾਂ ਮਿਲੀਆਂ ਹਨ।
ਇਕ ਅਖਬਾਰ ਦੀ ਰਿਪੋਰਟ ਅਨੁਸਾਰ ਇਕ ਅਧਿਕਾਰੀ ਨੇ ਕਿਹਾ ਕਿ ਫਲਿੱਪਕਾਰਟ, ਰਿਲਾਂਇੰਸ ਜੀਓ, ਐਮਾਜ਼ੋਨ ਅਤੇ ਇਕ ਜਨਤਕ ਖੇਤਰ ਦਾ ਬੈਂਕ ਇਨ੍ਹਾਂ ਸ਼ਿਕਾਇਤਾਂ ਦੇ ਮਾਮਲੇ 'ਚ ਸਭ ਤੋਂ ਅੱਗੇ ਹੈ। ਫਲਿੱਪਕਾਰਟ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਕੋਲ ਗਾਹਕਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਤੁਰੰਤ ਹੱਲ ਕਰਨ ਲਈ ਇਕ ਵਧੀਆ ਪ੍ਰੋਗਰਾਮ ਹੈ।
ਉਨ੍ਹਾਂ ਨੇ ਕਿਹਾ, 'ਅਸੀਂ ਆਪਣੇ ਨਵੇਂ ਗਾਹਕਾਂ ਨੂੰ ਫਲਿੱਪਕਾਰਟ ਐਪ, ਨੀਤੀਆਂ, ਨਿਯਮਾਂ ਅਤੇ ਸ਼ਰਤਾਂ ਨੂੰ ਨੈਵੀਗੇਟ ਕਰਨ ਦੇ ਤਰੀਕੇ 'ਤੇ ਮਾਰਗਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਕਈ ਉਪਭੋਗਤਾਵਾਂ ਲਈ ਸਿੱਖਿਆ ਪ੍ਰੋਗਰਾਮ ਵੀ ਸ਼ੁਰੂ ਕੀਤੇ ਹਨ ਜਿਹੜੇ ਕਿ ਸੁਰੱਖਿਅਤ ਈ-ਕਾਮਰਸ ਲੈਣ-ਦੇਣ ਪ੍ਰਤੀ ਜਾਗਰੂਕਤਾ ਵਧਾਉਣ ਵੱਲ ਧਿਆਨ ਕੇਂਦਰਿਤ ਕਰਦੇ ਹਨ। ਫਲਿੱਪਕਾਰਟ ਨੇ ਕਿਹਾ ਕਿ ਉਸਦਾ ਮਾਰਕਿਟ ਪਲੇਸ ਪੂਰੇ ਦੇਸ਼ ਦੇ ਲੱਖਾਂ ਗਾਹਕਾਂ ਨੂੰ ਇਕ ਸਾਲ 'ਚ ਲਗਭਗ 30 ਕਰੋੜ ਦਾ ਸ਼ਿਪਮੈਂਟ ਕਰਦਾ ਹੈ।