10 ਸਾਲਾਂ ’ਚ 53 ਕਰੋੜ ਤੋਂ ਵੱਧ ਖੁੱਲ੍ਹੇ ਖਾਤੇ, ਕੁੱਲ ਜਮਾਂ 2 ਲੱਖ ਕਰੋੜ ਤੋਂ ਪਾਰ

Thursday, Aug 29, 2024 - 11:20 AM (IST)

ਨਵੀਂ ਦਿੱਲੀ (ਯੂ. ਐੱਨ. ਆਈ.) – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ 10 ਸਾਲ ਪਹਿਲਾਂ 28 ਅਗਸਤ 2014 ਨੂੰ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਪੂਰੀ ਤਰ੍ਹਾਂ ਨਾਲ ਸਫਲ ਰਹੀ ਹੈ। ਦੇਸ਼ ’ਚ ਇਸ ਸਮੇਂ 53.13 ਕਰੋੜ ਜਨ ਧਨ ਖਾਤੇ ਹਨ। ਇਨ੍ਹਾਂ ’ਚ ਲਗਭਗ 2.3 ਲੱਖ ਕਰੋੜ ਰੁਪਏ ਪਏ ਹਨ।

ਵਿੱਤ ਮੰਤਰੀ ਨੇ ਦੱਸਿਆ ਕਿ ਉਨ੍ਹਾਂ ’ਚ ਲਗਭਗ 80 ਫੀਸਦੀ ਖਾਤੇ ਐਕਟਿਵ ਹਨ। ਨਾਲ ਹੀ ਅਗਸਤ 2024 ਤੱਕ ਅਜਿਹੇ ਖਾਤਿਆਂ ਦਾ ਔਸਤਨ ਬੈਲੇਂਸ ਵਧ ਕੇ 4352 ਰੁਪਏ ਹੋ ਗਿਆ, ਜੋ ਮਾਰਚ 2015 ’ਚ ਸਿਰਫ 1065 ਰੁਪਏ ਸੀ। ਨਿਰਮਲਾ ਸੀਤਾਰਾਮਨ ਨੇ ਐਲਾਨ ਕੀਤਾ ਕਿ ਇਸ ਮਾਲੀ ਸਾਲ ’ਚ ਲਗਭਗ 3 ਕਰੋੜ ਜਨ ਧਨ ਖਾਤੇ ਖੋਲ੍ਹੇ ਜਾਣਗੇ।

ਅੱਜ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੀ 10ਵੀਂ ਵਰ੍ਹੇਗੰਢ

ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀ. ਐੱਮ. ਜੇ. ਡੀ. ਵਾਈ.) ਦੀ 10ਵੀਂ ਵਰ੍ਹੇਗੰਢ ਦੀ ਪੂਰਬਲੀ ਸ਼ਾਮ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਇਸ ਯੋਜਨਾ ਨੇ ਕੋਵਿਡ ਮਹਾਮਾਰੀ ਦੌਰਾਨ ਸਰਕਾਰ ਦੀ ਬਹੁਤ ਮਦਦ ਕੀਤੀ। ਇਸ ਨਾਲ ਔਰਤਾਂ ਨੂੰ ਵੀ ਜ਼ਬਰਦਸਤ ਫਾਇਦਾ ਹੋਇਆ ਹੈ। ਇਨ੍ਹਾਂ ਖਾਤਿਆਂ ’ਚ ਜ਼ੀਰੋ ਬੈਲੇਂਸ ਅਤੇ ਮਿਨੀਮਮ ਬੈਲੇਂਸ ਰੱਖਣ ਦੀ ਕੋਈ ਮਜ਼ਬੂਰੀ ਨਹੀਂ ਹੈ। ਇਸ ਦੇ ਬਾਵਜੂਦ ਸਿਰਫ 8.4 ਫੀਸਦੀ ਖਾਤਿਆਂ ’ਚ ਹੀ ਜ਼ੀਰੋ ਬੈਲੇਂਸ ਹੈ। ਇਸ ਯੋਜਨਾ ਨੇ ਪਿੰਡਾਂ ਅਤੇ ਕਸਬਿਆਂ ’ਚ ਰਹਿਣ ਵਾਲਿਆਂ ਨੂੰ ਸਭ ਤੋਂ ਵੱਧ ਫਾਇਦਾ ਪਹੁੰਚਾਇਆ ਹੈ। ਲਗਭਗ 66.6 ਫੀਸਦੀ ਜਨ ਧਨ ਖਾਤੇ ਇਨ੍ਹਾਂ ਇਲਾਕਿਆਂ ’ਚ ਖੁੱਲ੍ਹੇ ਹੋਏ ਹਨ।

53.13 ਕਰੋੜ ਖਾਤਿਆਂ ’ਚੋਂ 29.56 ਕਰੋੜ ਖਾਤੇ ਔਰਤਾਂ ਦੇ

ਵਿੱਤ ਮੰਤਰਾਲਾ ਅਨੁਸਾਰ 14 ਅਗਸਤ 2024 ਤੱਕ 53.13 ਕਰੋੜ ਖਾਤਿਆਂ ’ਚ ਔਰਤਾਂ ਦੇ ਲਗਭਗ 55.6 ਫੀਸਦੀ (29.56 ਕਰੋੜ) ਖਾਤੇ ਹਨ। ਦੇਸ਼ ਦੇ ਲਗਭਗ 99.95 ਫੀਸਦੀ ਪਿੰਡਾਂ ਤੋਂ 5 ਕਿਲੋਮੀਟਰ ਦੇ ਘੇਰੇ ’ਚ ਬੈਂਕ ਬ੍ਰਾਂਚ, ਏ. ਟੀ. ਐੱਮ., ਬੈਂਕਿੰਗ ਕੋਰਸਪੋਂਡੈਂਟਸ ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ ਸਮੇਤ ਕਿਸੇ ਨਾ ਕਿਸੇ ਟੱਚ ਪੁਆਇੰਟ ਦੇ ਰਾਹੀਂ ਬੈਂਕਿੰਗ ਸਰਵਿਸਿਜ਼ ਮੁਹੱਈਆ ਹਨ। ਦੇਸ਼ ’ਚ 1.73 ਅਰਬ ਤੋਂ ਵੱਧ ਆਪ੍ਰੇਟਿਵ ਕਰੰਟ ਅਕਾਊਂਟ ਅਤੇ ਸੇਵਿੰਗ ਅਕਾਊਂਟ ਹਨ। ਇਨ੍ਹਾਂ ’ਚੋਂ 53 ਕਰੋੜ ਤੋਂ ਜ਼ਿਆਦਾ ਜਨ ਧਨ ਖਾਤੇ ਹਨ।

ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ ਕਰੋੜਾਂ ਲੋਕਾਂ ਨੂੰ ਦਿੱਤੀ ਗਈ ਰਾਹਤ

ਨਿਰਮਲਾ ਸੀਤਾਰਾਮਨ ਨੇ ਦੱਸਿਆ ਕਿ 20 ਕਰੋੜ ਲੋਕਾਂ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਦੇ ਤਹਿਤ 436 ਰੁਪਏ ਦੇ ਸਾਲਾਨਾ ਪ੍ਰੀਮੀਅਮ ’ਤੇ 2 ਲੱਖ ਰੁਪਏ ਦਾ ਲਾਈਫ ਇੰਸ਼ੋਰੈਂਸ ਦਿੱਤਾ ਗਿਆ ਹੈ। ਨਾਲ ਹੀ ਲਗਭਗ 45 ਕਰੋੜ ਲੋਕਾਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ 20 ਰੁਪਏ ਪ੍ਰੀਮੀਅਮ ’ਤੇ 2 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਦਿੱਤਾ ਗਿਆ ਹੈ।

ਅਟਲ ਪੈਨਸ਼ਨ ਯੋਜਨਾ ’ਚ ਵੀ 6.8 ਕਰੋੜ ਲੋਕ ਜੁੜੇ ਹੋਏ ਹਨ। ਸਟੈਂਡ ਅਪ ਇੰਡੀਆ ਸਕੀਮ ਦੇ ਤਹਿਤ 53609 ਕਰੋੜ ਰੁਪਏ ਦੇ 2,36,000 ਲੋਨ ਮਨਜ਼ੂਰ ਕੀਤੇ ਗਏ ਹਨ। ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਨਾਲ 65 ਲੱਖ ਤੋਂ ਵੱਧ ਸਟ੍ਰੀਟ ਵੈਂਡਰਜ਼ ਨੂੰ 12630 ਕਰੋੜ ਰੁਪਏ ਦਾ ਕਰਜ਼ਾ ਮਿਲਿਆ ਹੈ।


Harinder Kaur

Content Editor

Related News