ਮੂਡੀਜ਼ ਦੀ ਭਾਰਤੀ ਇਕਨੋਮੀ 'ਤੇ ਬੁਰੀ ਖ਼ਬਰ, GDP ਗ੍ਰੋਥ 'ਤੇ ਕੋਰੋਨਾ ਦੀ ਬ੍ਰੇਕ
Wednesday, May 12, 2021 - 12:06 PM (IST)
ਨਵੀਂ ਦਿੱਲੀ- ਇਕਨੋਮੀ ਦੇ ਮੋਰਚੇ 'ਤੇ ਬੁਰੀ ਖ਼ਬਰ ਹੈ। ਰੇਟਿੰਗ ਏਜੰਸੀ ਮੂਡੀਜ਼ ਨੇ ਵਿੱਤੀ ਸਾਲ 2021-22 ਲਈ ਭਾਰਤ ਦੀ ਜੀ. ਡੀ. ਪੀ. ਵਾਧਾ ਦਰ ਦਾ ਅਨੁਮਾਨ ਘਟਾ ਕੇ 9.3 ਫ਼ੀਸਦੀ ਕਰ ਦਿੱਤਾ ਹੈ, ਜੋ ਪਹਿਲਾਂ 13.7 ਫ਼ੀਸਦੀ ਰਹਿਣ ਦਾ ਲਾਇਆ ਸੀ। ਮਹਾਮਾਰੀ ਦੀ ਦੂਜੀ ਲਹਿਰ ਕਾਰਨ ਕਈ ਜਗ੍ਹਾ ਤਾਲਾਬੰਦੀ ਲੱਗਣਾ ਅਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹੋਰ ਸਪਲਾਈ ਦਾ ਪ੍ਰਭਾਵਿਤ ਹੋਣਾ ਅਰਥਿਕਤਾ 'ਤੇ ਅਸਰ ਪਾਵੇਗਾ।
ਰੇਟਿੰਗ ਏਜੰਸੀ ਮੂਡੀਜ਼ ਨੇ ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਹੈ, ''ਦੂਜੀ ਲਹਿਰ ਦੇ ਨਾਂਹ-ਪੱਖੀ ਅਸਰ ਦੇ ਨਤੀਜੇ ਵਜੋਂ ਅਸੀਂ ਵਿਕਾਸ ਦਰ ਦਾ ਅਨੁਮਾਨ ਘਟਾ ਕੇ 9.3 ਫ਼ੀਸਦੀ ਕਰ ਰਹੇ ਹਾਂ, ਜਿਸ ਦੇ ਪਹਿਲਾਂ 13.2 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਸੀ।" ਮੂਡੀਜ਼ ਨੇ ਭਾਰਤ ਕੋਰੋਨਾ ਵਾਇਰਸ ਸੰਕਰਮਣ ਦੀ ਗੰਭੀਰ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਇਸ ਨਾਲ ਭਾਰਤ ਦੀ ਆਰਥਿਕ ਰਿਕਵਰੀ ਦੀ ਰਫ਼ਤਾਰ ਥੋੜ੍ਹੇ ਸਮੇਂ ਲਈ ਸੁਸਤ ਹੋ ਜਾਵੇਗੀ ਅਤੇ ਇਸ ਦਾ ਪ੍ਰਭਾਵ ਲੰਮੀ ਮਿਆਦ ਦੇ ਵਿਕਾਸ ਅੰਕੜਿਆਂ 'ਤੇ ਵੀ ਪੈ ਸਕਦਾ ਹੈ।
ਮੂਡੀਜ਼ ਦਾ ਮੰਨਣਾ ਹੈ ਕਿ ਵਿੱਤੀ ਸਾਲ 2021-22 ਵਿਚ ਸਰਕਾਰ ਦਾ ਮਾਲੀ ਘਾਟਾ ਜੀ. ਡੀ. ਪੀ. ਦੇ 11.8 ਫ਼ੀਸਦੀ ਦੇ ਬਰਾਬਰ ਹੋਵੇਗਾ, ਜਦੋਂ ਕਿ ਪਹਿਲਾਂ ਇਸ ਦੇ 10.8 ਫ਼ੀਸਦੀ ਰਹਿਣ ਦਾ ਅਨੁਮਾਨ ਸੀ। ਸੁਸਤ ਵਿਕਾਸ ਦਰ ਅਤੇ ਵੱਧ ਘਾਟੇ ਦੀ ਵਜ੍ਹਾ ਨਾਲ ਸਰਕਾਰ 'ਤੇ ਕਰਜ਼ਦਾ ਬੋਝ ਵੱਧ ਹੋ ਜਾਵੇਗਾ। ਮੂਡੀਜ਼ ਦਾ ਕਹਿਣਾ ਹੈ ਕਿ ਵਿੱਤੀ ਸਾਲ 2022 ਵਿਚ ਕਰਜ਼ ਦਾ ਬੋਝ ਜੀ. ਡੀ. ਪੀ. ਦਾ 90 ਫ਼ੀਸਦੀ ਅਤੇ ਵਿੱਤੀ ਸਾਲ 2023 ਵਿਚ 92 ਫ਼ੀਸਦੀ ਹੋ ਜਾਣ ਦਾ ਅਨੁਮਾਨ ਹੈ। ਗੌਰਤਲਬ ਹੈ ਕਿ ਮੂਡੀਜ਼ ਦਾ ਅਨੁਮਾਨ ਆਈ. ਐੱਚ. ਐੱਸ. ਮਾਰਕੀਟ ਦੇ ਅਨੁਮਾਨ ਦੇ ਨਜ਼ਦੀਕ ਹੈ, ਜਿਸ ਨੇ ਭਾਰਤ ਦੀ ਆਰਥਿਕ ਵਿਕਾਸ ਦਰ ਵਿੱਤੀ ਸਾਲ 2022 ਵਿਚ 9.6 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ। ਉੱਥੇ ਹੀ, ਨੋਮੂਰਾ ਨੇ ਆਪਣਾ ਅਨੁਮਾਨ 12.6 ਫ਼ੀਸਦੀ ਤੋਂ ਘਟਾ ਕੇ 10.8 ਫ਼ੀਸਦੀ ਕੀਤਾ ਹੈ।