ਮੋਦੀ ਕੈਬਨਿਟ ਦੀ ਬੈਠਕ ਅੱਜ, Yes ਬੈਂਕ ਦੇ ਰਿਵਾਇਵਲ ਪਲਾਨ ਨੂੰ ਮਿਲ ਸਕਦੀ ਹੈ ਮਨਜ਼ੂਰੀ
Friday, Mar 13, 2020 - 12:08 PM (IST)
ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ ਦੀਆਂ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਯੈੱਸ ਬੈਂਕ ਨੂੰ ਲੈ ਕੇ ਅੱਜ ਅਹਿਮ ਫੈਸਲਾ ਹੋ ਸਕਦਾ ਹੈ। ਸ਼ੁਕੱਰਵਾਰ ਯਾਨੀ ਕਿ ਅੱਜ ਮੋਦੀ ਸਰਕਾਰ ਕੈਬਨਿਟ ਦੀ ਬੈਠਕ ਹੋਣ ਵਾਲੀ ਹੈ। ਇਸ ਬੈਠਕ ਦੌਰਾਨ ਯੈੱਸ ਬੈਂਕ ਦੇ ਰੀ-ਸਟਰੱਕਚਰਿੰਗ ਪਲਾਨ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਰਿਜ਼ਰਵ ਬੈਂਕ ਕੈਬਨਿਟ ਦੀ ਇਸ ਬੈਠਕ ਵਿਚ ਯੈੱਸ ਬੈਂਕ ਦੇ ਪ੍ਰਸਤਾਵਿਤ ਰੀ-ਸਟਰੱਕਚਰਿੰਗ ਪਲਾਨ ਪੇਸ਼ ਕਰੇਗਾ।
7,250 ਕਰੋੜ ਰੁਪਏ ਲਗਾਉਣ ਦੀ ਮਨਜ਼ੂਰੀ
ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੂੰ ਸੰਕਟ ’ਚ ਘਿਰੇ ਯੈੱਸ ਬੈਂਕ ’ਚ 7250 ਕਰੋਡ਼ ਰੁਪਏ ਲਾਉਣ ਦੀ ਮਨਜ਼ੂਰੀ ਮਿਲ ਗਈ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. ਨੇ ਇਸ ਦੀ ਜਾਣਕਾਰੀ ਦਿੱਤੀ। ਐੱਸ. ਬੀ. ਆਈ. ਨੇ ਦੱਸਿਆ, ‘‘ਕੇਂਦਰੀ ਬੋਰਡ ਦੀ ਕਾਰਜਕਾਰੀ ਕਮੇਟੀ ਦੀ 11 ਮਾਰਚ ਨੂੰ ਹੋਈ ਬੈਠਕ ’ਚ 10 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਯੈੱਸ ਬੈਂਕ ਦੇ 725 ਕਰੋਡ਼ ਸ਼ੇਅਰ ਖਰੀਦਣ ਨੂੰ ਮਨਜ਼ੂਰੀ ਦਿੱਤੀ ਗਈ। ਅਜੇ ਇਸ ਸੌਦੇ ਨੂੰ ਰੈਗੂਲੇਟਰੀ ਮਨਜ਼ੂਰੀਆਂ ਮਿਲਣੀਆਂ ਬਾਕੀ ਹਨ।’’ ਇਸ ਸੌਦੇ ਤੋਂ ਬਾਅਦ ਯੈੱਸ ਬੈਂਕ ’ਚ ਐੱਸ. ਬੀ. ਆਈ. ਦੀ ਹਿੱਸੇਦਾਰੀ ਉਸ ਦੀ ਕੁਲ ਭੁਗਤਾਨ ਪੂੰਜੀ ਦੇ 49 ਫ਼ੀਸਦੀ ਤੋਂ ਉੱਤੇ ਨਹੀਂ ਜਾਵੇਗੀ। ਰਿਜ਼ਰਵ ਬੈਂਕ ਨੇ ਯੈੱਸ ਬੈਂਕ ਦੀ ਮੁੜਗਠਨ ਨੂੰ ਲੈ ਕੇ ਪਿਛਲੇ ਹਫ਼ਤੇ ਇਕ ਯੋਜਨਾ ਦੇ ਡਰਾਫਟ ਦਾ ਐਲਾਨ ਕੀਤਾ ਸੀ।
ਬੋਰਡ ਆਫ ਡਾਇਰੈਕਟਰਸ ਦਾ ਕੀਤਾ ਜਾਵੇਗਾ ਗਠਨ
ਸਟੇਟ ਬੈਂਕ ਨੇ ਪਹਿਲਾਂ ਹੀ ਕਿਹਾ ਹੈ ਕਿ ਯੈੱਸ ਬੈਂਕ ਲਈ ਬੋਰਡ ਆਫ ਡਾਇਰੈਕਟਰਸ ਦਾ ਗਠਨ ਕੀਤਾ ਜਾਵੇਗਾ, ਜਿਸ ਵਿਚ ਚੀਫ ਐਗਜ਼ੀਕਿਊਟਿਵ, ਮੈਨੇਜਿੰਗ ਡਾਇਰੈਕਟਰ, ਨਾਨ-ਐਗਜ਼ੀਕਿਊਟਿਵ ਚੇਅਰਮੈਨ ਅਤੇ ਨਾਨ-ਐਗਜ਼ੀਕਿਊਟਿਵ ਡਾਇਰੈਕਟਰ ਵੀ ਸ਼ਾਮਲ ਹੋਣਗੇ।
ਮਾਮਲੇ 'ਤੇ PMO ਦੀ ਨਜ਼ਰ
ਵਿੱਤ ਮੰਤਰਾਲੇ ਦੇ ਨਾਲ-ਨਾਲ ਪ੍ਰਧਾਨ ਮੰਤਰੀ ਦਫਤਰ ਵੀ ਇਸ ਮਾਮਲੇ 'ਤੇ ਕਰੀਬੀ ਨਜ਼ਰ ਰੱਖ ਰਿਹਾ ਹੈ। ਪਿਛਲੇ ਸ਼ੁੱਕਰਵਾਰ ਨੂੰ ਵੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ, 'ਮੈਂ ਇਸ ਪੂਰੇ ਮਾਮਲੇ 'ਤੇ ਰਿਜ਼ਰਵ ਬੈਂਕ ਨਾਲ ਸੰਪਰਕ 'ਚ ਹਾਂ। ਰਿਜ਼ਰਵ ਬੈਂਕ ਲਗਾਤਾਰ ਮਾਮਲੇ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਯਕੀਨ ਦਵਾਇਆ ਹੈ ਕਿ ਉਹ ਜਲਦੀ ਹੀ ਕੋਈ ਉਚਿਤ ਰਸਤਾ ਕੱਢਣਗੇ।'
HDFC ਅਤੇ ਕੋਟਕ ਵੀ ਕਰ ਸਕਦੇ ਹਨ ਨਿਵੇਸ਼
ਬੁੱਧਵਾਰ ਨੂੰ ਵੀ ਕੁਝ ਮੀਡੀਆ ਰਿਪੋਰਟਸ 'ਚ ਸਟੇਟ ਬੈਂਕ ਦੇ ਰੈਸਕਿਊ ਪਲਾਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਾਊਸਿੰਗ ਡਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ ਲਿਮਟਿਡ(HDFC) ਅਤੇ ਕੋਟਕ ਮਹਿੰਦਰਾ ਪ੍ਰਾਈਮ ਲਿਮਟਿਡ ਵੀ ਸੰਕਟ ਦੇ ਦੌਰ ਵਿਚੋਂ ਲੰਘ ਰਹੇ ਯੈੱਸ ਬੈਂਕ 'ਚ 2,000-2,000 ਕਰੋੜ ਰੁਪਏ ਦਾ ਨਿਵੇਸ਼ ਕਰ ਸਕਦੇ ਹਨ।