ਫਾਈਜ਼ਰ ਪਿੱਛੋਂ ਕੋਰੋਨਾ ਟੀਕੇ ਨੂੰ ਲੈ ਕੇ ਮੋਡੇਰਨਾ ਨੇ ਵੀ ਦਿੱਤੀ ਵੱਡੀ ਖ਼ੁਸ਼ਖ਼ਬਰੀ

Monday, Nov 16, 2020 - 06:34 PM (IST)

ਫਾਈਜ਼ਰ ਪਿੱਛੋਂ ਕੋਰੋਨਾ ਟੀਕੇ ਨੂੰ ਲੈ ਕੇ ਮੋਡੇਰਨਾ ਨੇ ਵੀ ਦਿੱਤੀ ਵੱਡੀ ਖ਼ੁਸ਼ਖ਼ਬਰੀ

ਵਾਸ਼ਿੰਗਟਨ— ਵਿਸ਼ਵ ਨੂੰ ਜਲਦ ਹੀ ਕੋਰੋਨਾ ਸੰਕਰਮਣ ਨੂੰ ਰੋਕਣ 'ਚ ਅਸਰਦਾਰ ਟੀਕਾ ਮਿਲ ਸਕਦਾ ਹੈ। ਸੋਮਵਾਰ ਨੂੰ ਮੋਡੇਰਨਾ ਨੇ ਕਿਹਾ ਕਿ ਤੀਜੇ ਟਰਾਇਲ 'ਚ ਉਸ ਦਾ ਕੋਰੋਨਾ ਵਾਇਰਸ ਟੀਕਾ ਸੰਕਰਮਣ ਨੂੰ ਰੋਕਣ 'ਚ ਤਕਰੀਬਨ 95 ਫ਼ੀਸਦੀ ਪ੍ਰਭਾਵੀ ਦਿਸਿਆ ਹੈ।

ਕੰਪਨੀ ਨੇ ਕਿਹਾ ਕਿ 30,000 ਲੋਕਾਂ 'ਤੇ ਕੀਤੇ ਗਏ ਤੀਜੇ ਕਲੀਨੀਕਲ ਟਰਾਇਲ ਦੇ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਕੋਵਿਡ-19 ਟੀਕਾ 94.5 ਫ਼ੀਸਦੀ ਪ੍ਰਭਾਵੀ ਹੈ।

ਇਸ ਤੋਂ ਪਹਿਲਾਂ ਫਾਈਜ਼ਰ ਨੇ ਆਪਣੇ ਟੀਕੇ ਦੇ 90 ਫ਼ੀਸਦੀ ਪ੍ਰਭਾਵੀ ਹੋਣ ਦੀ ਘੋਸ਼ਣਾ ਕੀਤੀ ਸੀ। ਕੋਰੋਨਾ ਸੰਕਰਮਣ ਨੂੰ ਰੋਕਣ ਲਈ ਵਿਕਸਤ ਕੀਤੇ ਜਾ ਰਹੇ ਟੀਕੇ ਨੂੰ ਲੈ ਕੇ ਇਸ ਮਹੀਨੇ 'ਚ ਇਹ ਦੂਜੀ ਚੰਗੀ ਖ਼ਬਰ ਹੈ। ਇਹ ਦੋਵੇਂ ਟੀਕੇ ਮੈਸੇਂਜਰ ਆਰ. ਐੱਨ. ਏ. 'ਤੇ ਆਧਾਰਿਤ ਹਨ, ਜਿਨ੍ਹਾਂ ਦਾ ਰਿਵਾਇਤੀ ਟੀਕਿਆਂ ਦੀ ਤੁਲਨਾ 'ਚ ਤੇਜ਼ੀ ਨਾਲ ਉਤਪਾਦਨ ਹੁੰਦਾ ਹੈ। ਕੰਪਨੀ ਨੇ ਹਫ਼ਤਿਆਂ ਦੇ ਅੰਦਰ-ਅੰਦਰ ਅਮਰੀਕਾ ਅਤੇ ਦੁਨੀਆ ਭਰ 'ਚ ਐਮਰਜੈਂਸੀ ਪ੍ਰਵਾਨਗੀ ਲਈ ਬਿਨੈ ਪੱਤਰ ਜਮ੍ਹਾ ਕਰਨ ਦੀ ਯੋਜਨਾ ਬਣਾਈ ਹੈ ਅਤੇ ਉਮੀਦ ਜਤਾਈ ਕਿ ਇਸ ਸਾਲ ਦੇ ਆਖ਼ੀਰ ਤੱਕ ਉਹ ਅਮਰੀਕਾ 'ਚ ਸਪਲਾਈ ਲਈ ਲਗਭਗ 2 ਕਰੋੜ ਖੁਰਾਕਾਂ ਤਿਆਰ ਕਰ ਲਵੇਗੀ।

ਇਹ ਵੀ ਪੜ੍ਹੋ- ਬ੍ਰਿਟੇਨ ਕ੍ਰਿਸਮਸ ਤੋਂ ਪਹਿਲਾਂ ਫਾਈਜ਼ਰ ਕੋਵਿਡ ਟੀਕਾ ਲਾਉਣਾ ਕਰ ਦੇਵੇਗਾ ਸ਼ੁਰੂ!

ਮੋਡੇਰਨਾ ਅਮਰੀਕੀ ਰਾਸ਼ਟਰੀ ਸਿਹਤ ਇੰਸਟੀਚਿਊਟ ਨਾਲ ਮਿਲ ਕੇ ਇਹ ਟੀਕਾ ਵਿਕਸਤ ਕਰ ਰਹੀ ਹੈ। ਸ਼ੁਰੂਆਤੀ ਨਤੀਜੇ ਅਮਰੀਕਾ 'ਚ 30,000 ਲੋਕਾਂ 'ਤੇ ਕੀਤੇ ਗਏ ਤੀਜੇ ਟਰਾਇਲ 'ਚੋਂ 95 ਵਾਲੰਟੀਅਰਾਂ ਦੇ ਆਧਾਰ 'ਤੇ ਹਨ, ਜੋ ਕੋਵਿਡ-19 ਨਾਲ ਬੀਮਾਰ ਹੋ ਗਏ ਸਨ।


author

Sanjeev

Content Editor

Related News