6 ਰੁਪਏ 'ਚ ਪੋਰਟ ਕਰਵਾ ਸਕੋਗੇ ਮੋਬਾਇਲ ਨੰਬਰ, ਜਲਦ ਨਿਯਮ ਹੋਵੇਗਾ ਲਾਗੂ
Thursday, Oct 03, 2019 - 11:57 AM (IST)

ਗੈਜੇਟ ਡੈਸਕ– ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਨੇ ਮੋਬਾਇਲ ਨੰਬਰ ਪੋਰਟੇਬਿਲਟੀ ਸੇਵਾ ਪ੍ਰਦਾਤਾਵਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਪੋਰਟ ਕਰਨ ਦੀਆਂ ਸੇਵਾਵਾਂ ਲਈ ਹਰੇਕ ਲੈਣ-ਦੇਣ ’ਤੇ ਸ਼ੁਲਕ ’ਚ ਕਰੀਬ 66 ਫੀਸਦੀ ਦੀ ਕਟੌਤੀ ਕਰਨ ਦਾ ਪ੍ਰਸਤਾਵ ਕੀਤਾ ਹੈ। ਟਰਾਈ ਨੇ ਮੰਗਲਵਾਰ ਨੂੰ ਪ੍ਰਸਤਾਵ ਕੀਤਾ ਕਿ ਐੱਮ.ਐੱਨ.ਪੀ. ਸੇਵਾ ਲਈ ਸ਼ੁਲਕ ਦਰ 6.46 ਰੁਪਏ ਹੋਵੇਗੀ।
11 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ
ਟਰਾਈ ਨੇ ਬਿਆਨ ’ਚ ਕਿਹਾ ਕਿ ਸਾਰੀਆਂ ਟਿੱਪਣੀਆਂ ਅਤੇ ਰਿਕਾਰਡ ’ਤੇ ਉਪਲੱਬਦ ਸਾਰੀਆਂ ਸੂਚਨਾਵਾਂ ’ਤੇ ਵਿਚਾਰ ਤੋਂ ਬਾਅਦ ਉਸ ਨੇ 30 ਸਤੰਬਰ ਨੂੰ ਦੂਰਸੰਚਾਰ ਮੋਬਾਇਲ ਨੰਬਰ ਪੋਰਟੇਬਿਲਟੀ ਪ੍ਰਤੀ ਪੋਰਟ ਲੈਣ-ਦੇਣ ਅਤੇ ਡਿਪਿੰਗ ਸ਼ੁਲਕ (ਦੂਜਾ ਸੰਸ਼ੋਧਨ) ਨਿਯਮ, 2019 ਜਾਰੀ ਕੀਤਾ ਹੈ। ਇਸ ਤਹਿਤ ਹਰੇਕ ਪੋਰਟ ਅਪੀਲ ਲਈ 6.46 ਰੁਪਏ ਦਾ ਪੀ.ਪੀ.ਟੀ.ਸੀ. ਤੈਅ ਕੀਤਾ ਗਿਆ ਹੈ। ਇਹ ਨਿਯਮ 11 ਨਵੰਬਰ 2019 ਤੋਂ ਲਾਗੂ ਹੋਣਗੇ। ਟਰਾਈ ਨੇ ਕਿਹਾ ਕਿ ਦੂਰਸੰਚਾਰ ਸ਼ੁਲਕ (49ਵਾਂ ਸੰਸ਼ੋਧਨ) ਆਦੇਸ਼, 2009 ’ਚ ਹਰੇਕ ਪੋਰਟ ਲੈਣ-ਦੇਣ ਸ਼ੁਲਕ (ਪੀ.ਪੀ.ਟੀ.ਸੀ.) ਤੈਅ ਕੀਤਾ ਗਿਆ ਹੈ। ਇਹ ਪ੍ਰਾਪਤ ਕਰਨ ਵਾਲੇ ਆਪਰੇਟਰ ਦੁਆਰਾ ਹਰੇਕ ਗਾਹਕ ਤੋਂ ਲਏ ਜਾਣ ਵਾਲੇ ਸ਼ੁਲਕ ਦੀ ਸੀਮਾ ਹੈ। ਹੁਣ ਇਸ ਸੂਚਨਾ ਤੋਂ ਬਾਅਦ ਸ਼ੁਲਕ ਦੀ ਸੀਮਾ ਘੱਟ ਜਾਵੇਗੀ। ਹਾਲਾਂਕਿ, ਐੱਮ.ਐੱਨ.ਪੀ. ਤਹਿਤ ਗਾਹਕ ਪ੍ਰਾਪਤ ਕਰਨ ਵਾਲੇ ਆਪਰੇਟਰ ਇਸ ਤੋਂ ਘੱਟ ਸ਼ੁਲਕ ਲੈਣ ਲਈ ਸੁਤੰਤਰ ਹੋਣਗੇ।