ਮੋਬਾਈਲ ਮਹਿੰਗੇ ਹੋ ਜਾਣ ਦਾ ਖਦਸ਼ਾ, ਕੀਮਤਾਂ ''ਚ ਇੰਨਾ ਹੋ ਸਕਦਾ ਹੈ ਵਾਧਾ

02/05/2020 3:45:42 PM

ਮੁੰਬਈ— ਵਿੱਤੀ ਸਾਲ 2020-21 ਦੇ ਬਜਟ 'ਚ ਇੰਪੋਰਟਡ ਫਿਨਿਸ਼ਡ ਗੁੱਡਜ਼ ਅਤੇ ਫੋਨ ਕੰਪੋਨੈਂਟਸ 'ਤੇ ਵਧਾਈ ਗਈ ਡਿਊਟੀ ਕਾਰਨ ਮੋਬਾਈਲ ਹੈਂਡਸੈੱਟ 2-7 ਫੀਸਦੀ ਮਹਿੰਗੇ ਹੋ ਸਕਦੇ ਹਨ। ਹਾਲਾਂਕਿ, ਭਾਰਤ 'ਚ ਬਹੁਤ ਘੱਟ ਮੋਬਾਇਲ ਫੋਨ ਬਾਹਰੋਂ ਇੰਪੋਰਟ ਹੁੰਦੇ ਹਨ ਪਰ ਮੋਬਾਈਲ ਫੋਨਾਂ ਦੇ ਨਿਰਮਾਣ 'ਚ ਇਸਤੇਮਾਲ ਹੋਣ ਵਾਲੇ ਸਾਮਾਨਾਂ 'ਤੇ ਡਿਊਟੀ ਵਧਣ ਕਾਰਨ ਕੀਮਤਾਂ 'ਚ ਵਾਧਾ ਹੋਣ ਦਾ ਖਦਸ਼ਾ ਹੈ। ਇੰਡਸਟਰੀ ਮਾਹਰਾਂ ਨੇ ਇਹ ਸੰਭਾਵਨਾ ਜਤਾਈ ਹੈ।

 

ਬਜਟ ਪ੍ਰਸਤਾਵਾਂ ਮੁਤਾਬਕ, ਚਾਰਜਰਾਂ 'ਤੇ ਡਿਊਟੀ 15 ਫੀਸਦੀ ਤੋਂ ਵੱਧ ਕੇ 20 ਫੀਸਦੀ ਹੋ ਜਾਵੇਗੀ, ਜਦੋਂ ਕਿ ਮਦਰਬੋਰਡ ਜਾਂ ਪ੍ਰਿੰਟਿਡ ਸਰਕਟ ਬੋਰਡ ਅਸੈਂਬਲੀ (ਪੀ. ਸੀ. ਬੀ. ਏ.) 'ਤੇ 10 ਫੀਸਦੀ ਤੋਂ 20 ਫੀਸਦੀ ਹੋ ਜਾਵੇਗੀ। ਇਸੇ ਤਰ੍ਹਾਂ ਮੋਬਾਈਲ ਹੈਂਡਸੈੱਟ ਬਣਾਉਣ 'ਚ ਇਸਤੇਮਾਲ ਹੋਣ ਵਾਲੇ ਹੋਰ ਕੰਪੋਨੈਂਟਸ 'ਤੇ ਵੀ ਡਿਊਟੀ ਇੰਨੀ ਕੁ ਰੇਂਜ 'ਚ ਹੀ ਵਧੇਗੀ। ਹਾਲਾਂਕਿ, ਮੌਜੂਦਾ ਸਮੇਂ ਤਕਰੀਬਨ 97 ਫੀਸਦੀ ਫੋਨ  ਭਾਰਤ 'ਚ ਹੀ ਬਣ ਰਹੇ ਹਨ, ਜੋ ਡਿਊਟੀ ਦੇ ਪ੍ਰਭਾਵ ਨੂੰ ਬੇਅਸਰ ਕਰ ਸਕਦੇ ਹਨ। ਇੰਪੋਰਟਡ ਫੋਨਾਂ ਦੀ ਗੱਲ ਕਰੀਏ ਤਾਂ 40,000 ਰੁਪਏ ਜਾਂ ਇਸ ਤੋਂ ਵੱਧ ਦੇ ਥੋੜ੍ਹੇ ਹੀ ਹਾਈ-ਐਂਡ ਫੋਨ ਇੰਪੋਰਟਡ ਹਨ। ਐਪਲ ਭਾਰਤ 'ਚ ਕੁਝ ਫੋਨਾਂ ਦਾ ਨਿਰਮਾਣ ਕਰ ਰਿਹਾ ਹੈ ਪਰ ਉਸ ਦੇ ਪ੍ਰਸਿੱਧ ਮਾਡਲਾਂ ਦਾ ਇਕ ਪ੍ਰਮੁੱਖ ਹਿੱਸਾ ਹੁਣ ਵੀ ਇੰਪੋਰਟ ਕੀਤਾ ਜਾਂਦਾ ਹੈ।

ਉੱਥੇ ਹੀ, ਸਰਕਾਰ ਦੇ ਇਸ ਕਦਮ ਨਾਲ ਹੋਰ ਨਿਰਮਾਤਾ ਵੀ ਭਾਰਤ 'ਚ ਨਿਰਮਾਣ ਯੂਨਿਟ ਲਾਉਣ ਲਈ ਉਤਸ਼ਾਹਤ ਹੋਣਗੇ ਜਿਨ੍ਹਾਂ ਨੇ ਹੁਣ ਤੱਕ ਇਹ ਨਹੀਂ ਕੀਤਾ ਹੈ। ਸਰਕਾਰ ਨੇ ਕਸਟਮ ਡਿਊਟੀ ਵਧਾ ਕੇ ਵਿਦੇਸ਼ੀ ਨਿਰਮਾਤਾਵਾਂ ਨੂੰ ਇਹ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਡਿਊਟੀ 'ਚ ਹੋਰ ਵਾਧਾ ਵੀ ਕੀਤਾ ਜਾ ਸਕਦਾ ਹੈ। ਇਸ ਦਾ ਮਕਸਦ ਭਾਰਤ ਨੂੰ ਇੰਪੋਰਟ ਦੀ ਬਜਾਏ ਨਿਰਮਾਣ ਹੱਬ ਬਣਾਉਣਾ ਹੈ, ਤਾਂ ਜੋ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਤੇ ਭਾਰਤ ਵਿਦੇਸ਼ੀ ਬਾਜ਼ਾਰਾਂ 'ਚ ਮੁਕਾਲੇਬਾਜ਼ ਬਣ ਕੇ ਉਭਰ ਸਕੇ।


Related News