ਮਾਰੂਤੀ, ਫੋਰਡ, ਮਹਿੰਦਰਾ ਦੇ ਨਾਲ MG ਮੋਟਰ ਵੀ ਵਧਾਏਗੀ ਜਨਵਰੀ ਤੋਂ ਕੀਮਤਾਂ
Friday, Dec 18, 2020 - 05:33 PM (IST)
ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ, ਫੋਰਡ ਇੰਡੀਆ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਨਾਲ ਐੱਮ. ਜੀ. ਮੋਟਰ ਇੰਡੀਆ ਵੀ ਕੀਮਤਾਂ ਵਿਚ ਵਾਧਾ ਕਰਨ ਜਾ ਰਹੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਗਲੇ ਸਾਲ ਜਨਵਰੀ ਤੋਂ ਆਪਣੇ ਵਾਹਨਾਂ ਦੀ ਕੀਮਤ ਵਿਚ ਤਿੰਨ ਫ਼ੀਸਦੀ ਵਾਧਾ ਕਰੇਗੀ।
ਕੰਪਨੀ ਨੇ ਕਿਹਾ ਕਿ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਐੱਮ. ਜੀ. ਮੋਟਰ ਇੰਡੀਆ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀ ਹੈਕਟਰ ਪਲੱਸ ਮਾਡਲ ਕਾਰ ਦਾ ਨਵਾਂ ਸੱਤ ਸੀਟਰ ਮਾਡਲ ਬਾਜ਼ਾਰ ਵਿਚ ਜਲਦ ਉਤਾਰੇਗੀ।
ਮੌਜੂਦਾ ਸਮੇਂ ਐੱਮ. ਜੀ. ਮੋਟਰ ਇੰਡੀਆ ਦੇ ਦੇਸ਼ ਵਿਚ ਹੈਕਟਰ, ਜ਼ੈੱਡ ਐੱਸ.-ਈਵੀ ਅਤੇ ਗਲੋਸਟਰ ਤਿੰਨ ਮਾਡਲ ਹਨ। ਹੈਕਟਰ ਪਲੱਸ ਮਾਡਲ ਇਸ ਸਮੇਂ ਡਰਾਈਵਰ ਦੀ ਸੀਟ ਸਮੇਤ ਛੇ ਸੀਟਾਂ ਨਾਲ ਉਪਲਬਧ ਹੈ। ਨਵਾਂ ਸੱਤ ਸੀਟਰ ਵਾਲਾ ਮਾਡਲ ਹੈਕਟਰ ਐੱਸ. ਯੂ. ਵੀ. ਮਾਡਲ ਦਾ ਵਿਸਥਾਰ ਹੋਵੇਗਾ।
ਕੰਪਨੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ, “ਖਰਚੇ ਵਧਣ ਕਾਰਨ ਕੰਪਨੀ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿਚ ਵਾਧਾ ਕਰੇਗੀ। ਵੱਖ-ਵੱਖ ਮਾਡਲਾਂ ਅਨੁਸਾਰ, ਇਹ ਵਾਧਾ ਤਿੰਨ ਫ਼ੀਸਦੀ ਤੱਕ ਹੋ ਸਕਦਾ ਹੈ, ਜੋ 1 ਜਨਵਰੀ, 2021 ਤੋਂ ਲਾਗੂ ਹੋਵੇਗਾ।" ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ ਇੰਡੀਆ, ਫੋਰਡ ਇੰਡੀਆ, ਮਹਿੰਦਰਾ ਐਂਡ ਮਹਿੰਦਰਾ ਤੇ ਹੀਰੋ ਮੋਟੋਕਾਰਪ ਅਜਿਹੀਆਂ ਘੋਸ਼ਣਾਵਾਂ ਕਰ ਚੁੱਕੇ ਹਨ। ਇਨ੍ਹਾਂ ਦਾ ਵੀ ਇਹੀ ਕਹਿਣਾ ਹੈ ਕਿ ਕੱਚੇ ਮਾਲ ਅਤੇ ਵੱਖ-ਵੱਖ ਸਮਾਨਾਂ ਸਮੇਤ ਹੋਰ ਖਰਚੇ ਵਧਣ ਕਾਰਨ ਉਹ ਜਨਵਰੀ ਤੋਂ ਵਾਹਨਾਂ ਦੀ ਕੀਮਤਾਂ ਵਿਚ ਵਾਧਾ ਕਰਨ ਜਾ ਰਹੀਆਂ ਹਨ। ਐੱਮ. ਜੀ. ਮੋਟਰ ਦੀ ਐੱਮ. ਜੀ. ਹੈਕਟਰ ਪੈਟਰੋਲ ਅਤੇ ਡੀਜ਼ਲ ਦੋਵਾਂ ਵਿਚ ਉਪਲਬਧ ਹੈ।