ਮਰਸੀਡੀਜ਼ ਇੰਡੀਆ ਕਾਰਾਂ ਦਾ ਰਿਕਾਰਡ ਉਤਪਾਦਨ ਕਰਨ ਲਈ ਤਿਆਰ

09/15/2021 10:48:39 AM

ਮੁੰਬਈ– ਮਰਸੀਡੀਜ਼ ਬੈਂਜ਼ ਇੰਡੀਆ ਜੋ ਭਾਰਤ ਵਿਚ ਲਗਜ਼ਰੀ ਕਾਰਾਂ ਤਿਆਰ ਕਰਨ ਵਾਲੀ ਇਕ ਸਭ ਤੋਂ ਵੱਡੀ ਕੰਪਨੀ ਹੈ, ਵੱਲੋਂ ਅਕਤੂਬਰ ਤੋਂ ਦਸੰਬਰ ਦੀ ਤਿਮਾਹੀ ਤੱਕ ਰਿਕਾਰਡ ਕਾਰਾਂ ਤਿਆਰ ਕਰਨ ਦਾ ਨਿਸ਼ਾਨਾ ਮਿਥਿਆ ਗਿਆ ਹੈ। ਕੰਪਨੀ ਦੇ ਭਾਰਤ ਦੇ ਪ੍ਰਬੰਧ ਨਿਰਦੇਸ਼ਕ ਮਾਰਟਿਨ ਨੇ ਦੱਸਿਆ ਕਿ ਉਸਨੂੰ ਆਪਣੀ ਕੌਮਾਂਤਰੀ ਸਪਲਾਈ ਚੇਨ ਤੋਂ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਮਿਲ ਰਹੀਆਂ ਹਨ, ਜਿਸ ਦੇ ਸਿੱਟੇ ਵਜੋਂ ਕਾਰਾਂ ਦਾ ਵੱਡੀ ਪੱਧਰ ’ਤੇ ਉਤਪਾਦਨ ਕੀਤਾ ਜਾਵੇਗਾ। ਇਸਦੇ ਉਲਟ ਕਈ ਹੋਰ ਕਾਰ ਨਿਰਮਾਤਾ ਕੰਪਨੀਆਂ ਨੂੰ ਕਾਰਾਂ ਤਿਆਰ ਕਰਨ ਵਿਚ ਅਜੇ ਵੀ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪੂਰੀ ਦੁਨੀਆ ਵਿਚ ਸੈਮੀ-ਕੰਡਕਟਰ ਦਾ ਸੰਕਟ ਹੈ।

ਉਤਪਾਦਨ ਵਧਾਉਣ ਦਾ ਕੰਮ ਸ਼ੁਰੂ
ਉਨ੍ਹਾਂ ਕਿਹਾ ਕਿ ਕੰਪਨੀ ਨੇ ਆਪਣੇ ਪਲਾਂਟ ਵਿਚ ਉਤਪਾਦਨ ਵਧਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਕਿੱਟਾਂ ਦੀ ਵੱਡੀ ਪੱਧਰ ’ਤੇ ਵੰਡ ਲਈ ਬੇਨਤੀ ਕੀਤੀ ਹੈ। ਕਿਊ-4 ਨੂੰ ਮਿੱਥੀ ਗਈ ਯੋਜਨਾ ਤੋਂ ਵੀ ਵੱਧ ਤਿਆਰ ਕੀਤਾ ਜਾਵੇਗਾ। ਪਿਛਲੀਆਂ ਤਿਮਾਹੀਆਂ ਦੇ ਮੁਕਾਬਲੇ ਆਉਂਦੀ ਤਿਮਾਹੀ ਨੂੰ ਕਾਰਾਂ ਦਾ ਵਧੇਰੇ ਉਤਪਾਦਨ ਕੀਤਾ ਜਾਵੇਗਾ।

ਤਿਓਹਾਰਾਂ ਨੂੰ ਧਿਆਨ ’ਚ ਰੱਖਦੇ ਹੋਏ ਕੀਤੀਆਂ ਜਾ ਰਹੀਆਂ ਤਿਆਰੀਆਂ
ਉਨ੍ਹਾਂ ਕਿਹਾ ਕਿ ਇਸ ਸਮੇਂ ਮਰਸੀਡੀਜ਼ ਬੈਂਜ਼ ਲਈ ਗਾਹਕਾਂ ਨੂੰ 4 ਤੋਂ 16 ਹਫਤਿਆਂ ਦੀ ਉਡੀਕ ਕਰਨੀ ਪੈਂਦੀ ਹੈ। ਜਲਦੀ ਹੀ ਇਹ ਸਮਾਂ ਘਟੇਗਾ ਅਤੇ ਗਾਹਕਾਂ ਨੂੰ ਕਾਰ ਬੁੱਕ ਕਰਵਾਉਣ ਦੀ ਮਿਤੀ ਤੋਂ ਕੁਝ ਸਮੇਂ ਬਾਅਦ ਹੀ ਇਹ ਕਾਰ ਮਿਲਣੀ ਸ਼ੁਰੂ ਹੋ ਜਾਵੇਗੀ। ਆਉਂਦੇ ਤਿਉਹਾਰੀ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਹੀ ਸਭ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੰਪਨੀ ਨੇ ਇਸ ਸਾਲ ਅਗਸਤ ਤੱਕ ਪਿਛਲੇ ਸਾਲ ਨਾਲੋਂ ਵੱਧ ਕਾਰਾਂ ਤਿਆਰ ਕੀਤੀਆਂ। ਇਸ ਦਾ ਅਸਲ ਕਾਰਨ ਵਧ ਰਹੀ ਮੰਗ ਹੈ। ਉਮੀਦ ਹੈ ਕਿ ਇਹ ਮੰਗ ਹੋਰ ਵਧੇਗੀ।

ਕਾਰਾਂ ਦੇ ਉਤਪਾਦਨ ’ਚ ਆਈ ਮੁਸ਼ਕਲ
ਜੁਲਾਈ ਅਤੇ ਅਗਸਤ ਵਿਚ ਮਰਸੀਡੀਜ਼ ਦੀਆਂ ਕਾਰਾਂ ਦੀ ਵਿਕਰੀ ਚੰਗੀ ਰਹੀ। ਇਸ ਸਮੇਂ ਮਾਰਕੀਟ ਮਜ਼ਬੂਤ ਹੈ। ਕੁਝ ਸਮਾਂ ਪਹਿਲਾਂ ਤੱਕ ਸੈਮੀ-ਕੰਡਕਟਰ ਦੀ ਕਮੀ ਕਾਰਨ ਕਾਰਾਂ ਦੇ ਉਤਪਾਦਨ ਵਿਚ ਕੁਝ ਮੁਸ਼ਕਲ ਪੇਸ਼ ਆਈ ਸੀ। ਇਸ ਕਾਰਨ ‘ਵੇਟਿੰਗ’ ਦਾ ਸਮਾਂ ਵਧ ਗਿਆ ਸੀ। ਹੁਣ ਸੈਮੀ-ਕੰਡਕਟਰ ਦੀ ਸਪਲਾਈ ਠੀਕ ਹੈ। ਕੰਪਨੀ ਵੱਲੋਂ ਜੀ. ਐੱਲ. ਏ., ਜੀ. ਐੱਲ. ਸੀ., ਜੀ. ਐੱਲ. ਈ. ਅਤੇ ਜੀ. ਐੱਲ. ਐੱਸ. ਵਰਗੇ ਹਰਮਨਪਿਆਰੇ ਮਾਡਲ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਉਡੀਕ ਸਮਾਂ ਅਜੇ ਵੀ 16 ਹਫਤਿਆਂ ਤੱਕ ਹੈ। ਮਰਸੀਡੀਜ਼ ਬੈਂਜ਼ ਇੰਡੀਆ ਨੇ 2020 ਵਿਚ 7893 ਕਾਰਾਂ ਵੇਚੀਆਂ ਸਨ। 2018 ਵਿਚ ਇਹ ਗਿਣਤੀ 15,500 ਸੀ।


Rakesh

Content Editor

Related News