Maruti Suzuki ਜਨਵਰੀ ਤੋਂ ਵਧਾਏਗੀ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ
Tuesday, Dec 03, 2019 - 12:29 PM (IST)

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ(Maruti Suzuki) ਜਨਵਰੀ ਤੋਂ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਕੰਪਨੀ ਮੁਤਾਬਕ ਇਨਪੁਟ ਲਾਗਤ ਵਧਣ ਕਾਰਨ ਕੀਮਤ ਵਧਾਉਣ ਦਾ ਫੈਸਲਾ ਲਿਆ ਗਿਆ ਹੈ।
ਸਤੰਬਰ 'ਚ ਵਧਾਈਆਂ ਸਨ ਕੀਮਤਾਂ
ਮਾਰੂਤੀ ਸੁਜ਼ੂਕੀ ਨੇ 25 ਸਤੰਬਰ ਨੂੰ ਆਪਣੇ ਕੁਝ ਮਾਡਲ ਜਿਵੇਂ ਆਲਟੋ 800, ਆਲਟੋ ਕੇ10, ਸਵਿੱਫਟ, ਸੇਲੇਰਿਓ, ਬਲੇਨੋ ਡੀਜ਼ਲ, ਇਗਨਿਸ ਡਿਜ਼ਾਇਰ ਡੀਜ਼ਲ, ਵਿਟਾਰਾ ਬਰੀਜ਼ ਦੀ ਕੀਮਤ 5000 ਰੁਪਏ ਤੱਕ ਘੱਟ ਕੀਤੀ ਸੀ, ਜਦੋਂ ਕੇਂਦਰ ਸਰਕਾਰ ਵਲੋਂ ਕਾਰਪੋਰੇਟ ਟੈਕਸ ਵਿਚ ਕਟੌਤੀ ਕਰਕੇ ਆਟੋ ਕੰਪਨੀਆਂ ਨੂੰ ਰਾਹਤ ਦਿੱਤੀ ਸੀ।
ਮਾਰੂਤੀ ਸੁਜ਼ੂਕੀ ਦੀ ਨਵੰਬਰ 'ਚ ਵਿਕਰੀ 1.9% ਡਿੱਗੀ
ਮਾਰੂਤੀ ਸੁਜ਼ੂਕੀ ਦੀ ਕੀਮਤ ਵਿਚ ਕਟੌਤੀ ਦਾ ਫਾਇਦਾ ਤਿਓਹਾਰੀ ਸੀਜ਼ਨ ਦੀ ਵਿਕਰੀ ਦੌਰਾਨ ਦਿਖਿਆ , ਜਦੋਂ ਕੰਪਨੀ ਦੀ ਅਕਤੂਬਰ ਮਹੀਨੇ ਦੀ ਵਿਕਰੀ ਵਿਚ ਵਾਧਾ ਦਰਜ ਕੀਤਾ ਗਿਆ ਸੀ। ਪਰ ਇਹ ਵਾਧਾ ਇਕ ਮਹੀਨਾ ਵੀ ਬਰਕਰਾਰ ਨਾ ਰਹਿ ਸਕਿਆ ਅਤੇ ਨਵੰਬਰ ਮਹੀਨੇ ਦੀ ਵਿਕਰੀ 'ਚ ਇਕ ਵਾਰ ਫਿਰ ਗਿਰਾਵਟ ਦਰਜ ਕੀਤੀ ਗਈ। ਮਾਰੂਤੀ ਸੁਜ਼ੂਕੀ ਦੀ ਨਵੰਬਰ ਮਹੀਨੇ ਦੀ ਵਿਕਰੀ 1.9 ਫੀਸਦੀ ਡਿੱਗ ਕੇ 1,50,630 ਯੂਨਿਟ ਹੋ ਗਈ, ਜਿਹੜੀ ਕਿ ਪਿਛਲੇ ਸਾਲ ਨਵੰਬਰ ਵਿਚ 1,53,539 ਯੂਨਿਟ ਸੀ। ਇਸ ਦੌਰਾਨ ਘਰੇਲੂ ਵਿਕਰੀ ਪਿਛਲੇ ਸਾਲ ਦੀ 1,46,018 ਯੂਨਿਟ ਦੇ ਮੁਕਾਬਲੇ 1.6 ਫੀਸਦੀ ਡਿੱਗ ਕੇ 1,43,686 ਯੂਨਿਟ ਹੋ ਗਈ। ਕੰਪਨੀ ਦਾ ਨਵੰਬਰ ਮਹੀਨੇ ਦੌਰਾਨ ਨਿਰਯਾਤ ਵੀ 7.7 ਫੀਸਦੀ ਡਿੱਗ ਕੇ 6,944 ਇਕਾਈਆਂ 'ਤੇ ਆ ਗਿਆ। ਪਿਛਲੇ ਸਾਲ ਇਸ ਦੌਰਾਨ ਨਿਰਯਾਤ 7,521 ਯੂਨਿਟ ਸੀ।