ਮਾਰੂਤੀ ਅਲਟੋ ਦਾ ਜਲਵਾ ਬਰਕਰਾਰ, ਲਗਾਤਾਰ 16ਵੇਂ ਸਾਲ ਵੀ ਗੱਡੇ ਝੰਡੇ

06/15/2020 6:16:45 PM

ਗੈਜੇਟ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ ਕਿ ਐਂਟਰੀ ਲੈਵਲ ਛੋਟੀ ਕਾਰ ਦੇ ਮਾਮਲੇ ’ਚ ਅਲਟੋ ਲਗਾਤਾਰ 16ਵੇਂ ਸਾਲ ਵੀ ਸਭ ਤੋਂ ਬਿਹਤਰ ਵਿਕਰੀ ਵਾਲਾ ਮਾਡਲ ਬਣੀ ਹੈ। ਪੀ.ਟੀ.ਆਈ. ਦੀ ਖ਼ਬਰ ਮੁਤਾਬਕ, ਸਾਲ 2019-20 ਦੌਰਾਨ ਇਸ ਮਾਡਲ ਦੀਆਂ 1.48 ਲੱਖ ਕਾਰਾਂ ਦੀ ਵਿਕਰੀ ਹੋਈ ਹੈ। ਮਾਰੂਤੀ ਸੁਜ਼ੂਕੀ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਕਿ ਅਲਟੋ ਕਾਰ ਸਤੰਬਰ 2000 ’ਚ ਬਾਜ਼ਾਰ ’ਚ ਲਾਂਚ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ 2004 ’ਚ ਇਹ ਪਹਿਲੀ ਵਾਰ ਭਾਰਤ ਦੀ ਸਭ ਤੋਂ ਬਿਹਤਰ ਵਿਕਰੀ ਵਾਲੀ ਕਾਰ ਬਣ ਗਈ। 

ਮਾਰੂਤੀ ਸੁਜ਼ੂਕੀ ਇੰਡੀਆ ਦੇ ਐਗਜ਼ੀਕਿਊਟਿਵ ਡਾਇਰੈਕਟਰ ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਆਲਟੋ  ਦਾ ਇਕ ਮਜ਼ਬੂਤ ​​ਗਾਹਕ ਅਧਾਰ ਹੈ ਜੋ ਇਸਦੇ ਗਾਹਕਾਂ ’ਚ ਪ੍ਰਸਿੱਧੀ ਨੂੰ ਦਰਸਾਉਂਦਾ ਹੈ। ਸਮੇਂ ਦੇ ਨਾਲ ਬ੍ਰਾਂਡ ’ਚ ਕੀਤੇ ਜਾਣ ਵਾਲੇ ਸੁਧਾਰਾਂ ਨੂੰ ਗਾਹਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਰੂਤੀ ਸੁਜ਼ੂਕੀ ਗਾਹਕਾਂ ਦੀ ਬਦਲਦੀ ਚਾਹ ’ਤੇ ਨਜ਼ਦੀਕੀ ਨਾਲ ਨਜ਼ਰ ਰੱਖਦੀ ਹੈ ਅਤੇ ਉਸੇ ਬਦਲਾਅ ਮੁਤਾਬਕ, ਆਪਣੇ ਪ੍ਰੋਡਕਟ ਤਿਆਰ ਕਰਦੀ ਹੈ। 

ਉਨ੍ਹਾਂ ਕਿਹਾ ਕਿ ਨਵੇਂ ਨਿਯਮਾਂ ਨੂੰ ਧਿਆਨ ’ਚ ਰੱਖਦੇ ਹੋਏ ਫਿਲਹਾਲ ਨਵੀਂ ਅਲਟੋ ’ਚ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ’ਚ ਡਰਾਈਵਰ ਸਾਈਡ ਏਅਰਬੈਗ, ਐਂਟੀ-ਲਾਕ ਬ੍ਰੇਕਿੰਗ ਸਿਸਟਮ ਅਤੇ ਇਲੈਕਟ੍ਰੋਨਿਕ ਬ੍ਰੇਕ ਫੋਰਸ ਡਿਸਟਰੀਬਿਊਸ਼ਨ ਰਿਵਰਸ ਪਾਰਕਿੰਗ ਸੈਂਸਰ ਅਤੇ ਓਵਰ ਸਪੀਡ ਅਲਰਟ ਸਿਸਟਮ ਦਿੱਤੇ ਗਏ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਵਿਚ ਤੇਜ਼ ਟੱਕਰ ਅਤੇ ਪੈਦਲ ਯਾਤਰੀ ਦੀ ਸੁਰੱਖਿਆ ਵਰਗੇ ਨਿਯਮਾਂ ਦਾ ਵੀ ਪਾਲਣ ਕੀਤਾ ਗਿਆ ਹੈ। 


Rakesh

Content Editor

Related News