8 ਸਾਲਾਂ ''ਚ 40 ਲੱਖ ਕਾਰਾਂ ਬਣਾਏਗੀ ''ਮਾਰੂਤੀ'', 45000 ਕਰੋੜ ਦੇ ਕੈਸ਼ ਰਿਜ਼ਰਵ ਦੀ ਕਰੇਗੀ ਵਰਤੋਂ

Tuesday, Aug 29, 2023 - 05:52 PM (IST)

8 ਸਾਲਾਂ ''ਚ 40 ਲੱਖ ਕਾਰਾਂ ਬਣਾਏਗੀ ''ਮਾਰੂਤੀ'', 45000 ਕਰੋੜ ਦੇ ਕੈਸ਼ ਰਿਜ਼ਰਵ ਦੀ ਕਰੇਗੀ ਵਰਤੋਂ

ਨਵੀਂ ਦਿੱਲੀ (ਭਾਸ਼ਾ)– ਦੇਸ਼ ਦੀ ਮੋਹਰੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਵਿੱਤੀ ਸਾਲ 2030-31 ਤੱਕ ਯਾਨੀ ਆਉਣ ਵਾਲੇ 8 ਸਾਲਾਂ ’ਚ 40 ਲੱਖ ਕਾਰਾਂ ਦੀ ਉਤਪਾਦਨ ਸਮਰੱਥਾ ਹਾਸਲ ਕਰਨ ਲਈ ਯਤਨ ਕਰ ਰਹੀ ਹੈ। ਇਸ ਲਈ ਕੰਪਨੀ 45,000 ਕਰੋੜ ਰੁਪਏ ਦੇ ਆਪਣੇ ਮੌਜੂਦਾ ਕੈਸ਼ ਰਿਜ਼ਰਵ ਦਾ ਇਸਤੇਮਾਲ ਕਰੇਗੀ। ਕੰਪਨੀ 40 ਸਾਲਾਂ ’ਚ 20 ਲੱਖ ਇਕਾਈਆਂ ਦੇ ਉਤਪਾਦਨ ਅਤੇ ਵਿਕਰੀ ਤੱਕ ਪੁੱਜੀ ਹੈ ਅਤੇ ਅਗਲੇ 8 ਸਾਲਾਂ ’ਚ ਇਸ ਵਿਚ 20 ਲੱਖ ਇਕਾਈਆਂ ਨੂੰ ਹੋਰ ਜੋੜਨ ਦੀ ਤਿਆਰੀ ਹੈ। ਸਾਲਾਨਾ ਆਮ ਬੈਠਕ (ਏ. ਜੀ. ਐੱਮ.) ਦੌਰਾਨ ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਉਕਤ ਗੱਲ ਦਾ ਖੁਲਾਸਾ ਕੀਤਾ। ਭਾਰਗਵ ਨੇ ਕਿਹਾ ਕਿ ਇਸ ਮਿਆਦ ਦੌਰਾਨ ਕੰਪਨੀ ਨੂੰ ਦੁੱਗਣੇ ਤੋਂ ਵੱਧ ਮਾਲੀਏ ਦੀ ਉਮੀਦ ਹੈ।

ਉਨ੍ਹਾਂ ਨੇ ਕਿਹਾ ਕਿ ਕੰਪਨੀ ਦੇ ਇਸ ਤੇਜ਼ ਗ੍ਰੋਥ ਲਈ ਜ਼ਰੂਰੀ ਹੈ ਕਿ ਕੰਪਨੀ ਦਾ ਪੁਨਰਗਠਨ ਕੀਤਾ ਜਾਏ ਅਤੇ ਇਸੇ ਕੜੀ ’ਚ ਗੁਜਰਾਤ ’ਚ ਪ੍ਰੋਡਕਸ਼ਨ ਸਰਵਿਸ ਇਕ ਅਹਿਮ ਕਦਮ ਹੈ, ਜਿਸ ਕਾਰਨ ਸੁਜ਼ੂਕੀ ਕਾਰਪੋਰੇਸ਼ਨ ਨੂੰ 1.8 ਫ਼ੀਸਦੀ ਇਕਵਿਟੀ ਪ੍ਰਾਪਤ ਹੋਵੇਗੀ, ਜੋ ਮਾਰੂਤੀ ਦੇ ਅਨੁਮਾਨਿਤ ਲਾਭ ਦੀ ਤੁਲਨਾ ’ਚ ਮਾਮੂਲੀ ਮੰਨੀ ਜਾਏਗੀ। ਮਾਰੂਤੀ ਵਲੋਂ ਸੁਜ਼ੂਕੀ ਕਾਰਪੋਰੇਸ਼ਨ ਦੇ ਗੁਜਰਾਤ ਪਲਾਂਟ ਨੂੰ ਐਕਵਾਇਰ ਕਰਨ ਨੂੰ ਲੈ ਕੇ ਭਾਰਗਵ ਨੇ ਕਿਹਾ ਕਿ ਮਾਰੂਤੀ ਦੇ ਵਿਕਾਸ ਪੜਾਅ, ਜਿਸ ਨੂੰ ‘ਮਾਰੂਤੀ 3.0’ ਨਾਂ ਦਿੱਤਾ ਗਿਆ ਹੈ, ਵਿੱਚ ਇਲੈਕਟ੍ਰਿਕ ਵਾਹਨ (ਈ. ਵੀ.), ਸੀ. ਐੱਨ. ਜੀ., ਈਥੇਨਾਲ ਅਤੇ ਸੀ. ਬੀ. ਜੀ. ਵਰਗੀਆਂ ਉੱਭਰਦੀਆਂ ਤਕਨਾਲੋਜੀਆਂ ’ਚ ਮਜ਼ਬੂਤ ਨਿਵੇਸ਼ ਸ਼ਾਮਲ ਹੋਵੇਗਾ। ਇਹ ਕੰਪਨੀ ਦੀ ਸਥਿਰਤਾ ਅਤੇ ਉੱਨਤ ਸੁਰੱਖਿਆ ਮਾਪਦੰਡਾਂ ਦੀ ਗਲੋਬਲ ਖੋਜ ਮੁਤਾਬਕ ਹੈ।

ਉਤਪਾਦਨ ਸਮਰੱਥਾ ਵਧਾਉਣ ’ਤੇ ਫੋਕਸ
ਭਾਰਗਵ ਨੇ ਕੰਪਨੀ ਦੀ ਨਵੀਂ ਯੋਜਨਾ ‘ਮਾਰੂਤੀ 3.0’ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਦੇ ਤਹਿਤ ਅਗਲੇ 9 ਸਾਲਾਂ ਵਿੱਚ ਕੰਪਨੀ ਆਪਣੀ ਉਤਪਾਦਨ ਸਮਰੱਥਾ ਵਿੱਚ 20 ਲੱਖ ਇਕਾਈ ਪ੍ਰਤੀ ਸਾਲ ਦਾ ਵਾਧਾ ਕਰਨ ’ਤੇ ਫੋਕਸ ਕਰੇਗੀ। ਇਸ ਵਿਸਤਾਰ ਯੋਜਨਾ ਦੇ ਤਹਿਤ ਵਿੱਤੀ ਸਾਲ 2031 ਦੇ ਅਖੀਰ ਤੱਕ ਲਗਭਗ 28 ਵੱਖ-ਵੱਖ ਤਰ੍ਹਾਂ ਦੇ ਮਾਡਲ ਕੰਪਨੀ ਜਾਰੀ ਕਰੇਗੀ।

ਅਰਨਬ ਰਾਏ ਮੁੱਖ ਵਿੱਤੀ ਅਧਿਕਾਰੀ ਨਿਯੁਕਤ
ਮਾਰੂਤੀ ਸੁਜ਼ੂਕੀ ਇੰਡੀਆ ਨੇ ਅਰਨਬ ਰਾਏ ਨੂੰ ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ 16 ਅਕਤੂਬਰ ਤੋਂ ਲਾਗੂ ਹੋਵੇਗੀ। ਉਹ ਮੌਜੂਦਾ ਸਮੇਂ ਵਿੱਚ ਸੀ. ਐੱਫ. ਓ. ਦਾ ਅਹੁਦਾ ਸੰਭਾਲ ਰਹੇ ਅਜੇ ਸੇਠ ਦੀ ਥਾਂ ਲੈਣਗੇ। ਸੇਠ ਇਸ ਸਾਲ ਦੇ ਅਖੀਰ ’ਚ ਰਿਟਾਇਰ ਹੋਣਗੇ। ਮਾਰੂਤੀ ਸੁਜ਼ੂਕੀ ਇੰਡੀਆ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਸੇਠ 31 ਦਸੰਬਰ ਨੂੰ ਕੰਪਨੀ ਦੇ ਪੂਰੇ ਸਮੇਂ ਦੇ ਸੀ. ਐੱਫ. ਓ. (ਮੁੱਖ ਵਿੱਤੀ ਅਧਿਕਾਰੀ) ਦੇ ਅਹੁਦੇ ਤੋਂ ਸੇਵਾਮੁਕਤ ਹੋ ਜਾਣਗੇ।


author

rajwinder kaur

Content Editor

Related News