ਬਾਜ਼ਾਰ ਧੜੰਮ : ਸੈਂਸੈਕਸ 260 ਅੰਕ ਡਿੱਗਾ, ਨਿਫਟੀ 10,500 ਤੋਂ ਹੇਠਾਂ

Wednesday, Feb 28, 2018 - 09:32 AM (IST)

ਮੁੰਬਈ— ਅਮਰੀਕੀ ਅਤੇ ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਅਤੇ ਪੀ. ਐੱਨ. ਬੀ. ਘੋਟਾਲੇ ਦੀ ਰਕਮ 12,700 ਕਰੋੜ ਰੁਪਏ 'ਤੇ ਪਹੁੰਚਣ ਦੀਆਂ ਖਬਰਾਂ ਦੇ ਮੱਦੇਨਜ਼ਰ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 190.76 ਦੀ ਗਿਰਾਵਟ ਨਾਲ 34,155.63 'ਤੇ ਖੁੱਲ੍ਹਿਆ ਪਰ ਨਾਲ ਹੀ 260 ਅੰਕ ਡਿੱਗ ਕੇ ਹੋਰ ਹੇਠਾਂ 34,086.17 'ਤੇ ਗਿਆ।। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 81 ਅੰਕ ਡਿੱਗ ਕੇ 10,472.35 'ਤੇ ਖੁੱਲ੍ਹਿਆ। ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਬਾਜ਼ਾਰ 'ਤੇ ਦਬਾਅ ਨਜ਼ਰ ਆ ਰਿਹਾ ਹੈ। ਉੱਥੇ ਹੀ, ਅੱਜ ਦਸੰਬਰ ਤਿਮਾਹੀ ਦੇ ਜੀ. ਡੀ. ਪੀ. ਅੰਕੜੇ ਵੀ ਜਾਰੀ ਹੋਣੇ ਹਨ, ਜਿਸ ਨਾਲ ਬਾਜ਼ਾਰ ਦੀ ਅਗਲੀ ਦਿਸ਼ਾ ਤੈਅ ਹੋਵੇਗੀ।

ਸ਼ੁਰੂਆਤੀ ਕਾਰੋਬਾਰ ਦੌਰਾਨ ਬੀ. ਐੱਸ. ਈ. ਲਾਰਜ ਕੈਪ, ਮਿਡ ਕੈਪ ਅਤੇ ਸਮਾਲ ਕੈਪ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਲਾਰਜ ਕੈਪ 32.82 ਅੰਕ ਡਿੱਗ ਕੇ 4080.09 'ਤੇ, ਮਿਡ ਕੈਪ 159.38 ਅੰਕ ਦੀ ਗਿਰਾਵਟ ਨਾਲ 16441.67 'ਤੇ ਅਤੇ ਸਮਾਲ ਕੈਪ 153.37 ਕਮਜ਼ੋਰ ਹੋ ਕੇ 17936.76 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।


ਐੱਨ. ਐੱਸ. ਈ. 'ਤੇ ਸ਼ੁਰੂਆਤੀ ਕਾਰੋਬਾਰ 'ਚ ਸਿਪਲਾ, ਬੀ. ਪੀ. ਸੀ. ਐੱਲ., ਯੂ. ਪੀ. ਐੱਲ., ਐੱਚ. ਸੀ. ਐੱਲ. ਟੈੱਕ ਅਤੇ ਸਨਫਾਰਮਾ 'ਚ ਤੇਜ਼ੀ ਦੇਖਣ ਨੂੰ ਮਿਲੀ। ਉੱਥੇ ਹੀ ਬੈਂਕ ਨਿਫਟੀ, ਆਟੋ, ਮੈਟਲ, ਪੀ. ਐੱਸ. ਯੂ. ਅਤੇ ਐੱਫ. ਐੱਮ. ਸੀ. ਜੀ. ਸੈਕਟਰ ਇੰਡੈਕਸ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ 351.55 ਅੰਕ ਦੀ ਗਿਰਾਵਟ ਨਾਲ 25,032.05 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 'ਚ ਸ਼ੁਰੂਆਤੀ ਕਾਰੋਬਾਰ ਦੌਰਾਨ ਆਈ. ਸੀ. ਆਈ. ਸੀ. ਆਈ. ਬੈਂਕ, ਯੈੱਸ ਬੈਂਕ, ਵੇਦਾਂਤਾ ਲਿਮਟਿਡ, ਹਿੰਡਾਲਕੋ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰਾਂ 'ਚ ਸਭ ਤੋਂ ਖਰਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ।

ਗਲੋਬਲ ਬਾਜ਼ਾਰਾਂ 'ਚ ਗਿਰਾਵਟ
ਫੈਡਰਲ ਰਿਜ਼ਰਵ ਦੇ ਨਵੇਂ ਚੇਅਰਮੈਨ ਜੇਰੋਮ ਪਾਵੇਲ ਵੱਲੋਂ ਵਿਆਜ ਦਰਾਂ 'ਚ ਵਾਧੇ ਦਾ ਸੰਕੇਤ ਦੇਣ ਅਤੇ 10 ਸਾਲਾਂ ਦੀ ਬਾਂਡ ਯੀਲਡ ਤੇਜ਼ੀ ਨਾਲ 5 ਆਧਾਰ ਅੰਕ ਵਧ ਕੇ 2.91 ਫੀਸਦੀ 'ਤੇ ਪਹੁੰਚਣ ਕਾਰਨ ਅਮਰੀਕੀ ਬਾਜ਼ਾਰਾਂ 'ਚ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ। ਡਾਓ ਜੋਂਸ 299.2 ਅੰਕ ਡਿੱਗ ਕੇ 25,410 ਦੇ ਪੱਧਰ 'ਤੇ ਬੰਦ ਹੋਇਆ ਹੈ।ਨੈਸਡੈਕ 91.1 ਅੰਕ ਡਿੱਗ ਕੇ 7,330.4 'ਤੇ ਅਤੇ ਐੱਸ. ਐੱਡ. ਪੀ. 500 ਇੰਡੈਕਸ 35.3 ਅੰਕ ਦੀ ਕਮਜ਼ੋਰੀ ਨਾਲ 2,744.3 ਦੇ ਪੱਧਰ 'ਤੇ ਬੰਦ ਹੋਇਆ।
ਉੱਥੇ ਹੀ ਅਮਰੀਕਾ 'ਚ ਬਾਂਡ ਯੀਲਡ ਵਧਣ ਨਾਲ ਏਸ਼ੀਆਈ ਬਾਜ਼ਾਰਾਂ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੰਘਾਈ ਕੰਪੋਜਿਟ 31 ਅੰਕ ਦੀ ਗਿਰਾਵਟ ਨਾਲ 3,260.96 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਐੱਸ. ਜੀ. ਐਕਸ. ਨਿਫਟੀ 59.50 ਅੰਕ ਡਿੱਗ ਕੇ 10,502.50 'ਤੇ ਕਾਰੋਬਾਰ ਕਰ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 80 ਅੰਕ ਦੀ ਗਿਰਾਵਟ ਨਾਲ 22,309 'ਤੇ ਕਾਰੋਬਾਰ ਕਰ ਰਿਹਾ ਹੈ। ਹੈਂਗ ਸੇਂਗ 370 ਅੰਕ ਡਿੱਗਾ ਹੈ ਅਤੇ ਕੋਸਪੀ 'ਚ ਵੀ 10 ਅੰਕ ਦੀ ਗਿਰਾਵਟ ਹੈ।


Related News