ਚੋਟੀ ਦੀਆਂ ਅੱਠ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.35 ਲੱਖ ਕਰੋੜ ਰੁਪਏ ਵਧਿਆ, ਜਾਣੋ ਕਿਸ ਨੂੰ ਹੋਇਆ ਜ਼ਿਆਦਾ ਫਾਇਦਾ
Sunday, Jan 01, 2023 - 12:09 PM (IST)
ਨਵੀਂ ਦਿੱਲੀ— ਪਿਛਲੇ ਹਫਤੇ 10 ਸਭ ਤੋਂ ਕੀਮਤੀ ਕੰਪਨੀਆਂ 'ਚੋਂ 8 ਦਾ ਬਾਜ਼ਾਰ ਪੂੰਜੀਕਰਣ 1,35,794.06 ਕਰੋੜ ਰੁਪਏ ਵਧਿਆ ਹੈ। ਇਸ ਵਿੱਚ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ) ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐੱਲ.) ਨੂੰ ਸਭ ਤੋਂ ਵੱਧ ਫਾਇਦਾ ਹੋਇਆ। ਪਿਛਲੇ ਹਫਤੇ 30 ਸ਼ੇਅਰਾਂ ਵਾਲਾ ਬੀ.ਐੱਸ.ਈ ਦਾ ਸੈਂਸੈਕਸ 995.45 ਅੰਕ ਜਾਂ 1.66 ਫੀਸਦੀ ਚੜ੍ਹ ਗਿਆ। ਚੋਟੀ ਦੀਆਂ 10 ਕੰਪਨੀਆਂ 'ਚ ਸਿਰਫ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਅਤੇ ਭਾਰਤੀ ਏਅਰਟੈੱਲ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਸਟੇਟ ਬੈਂਕ ਆਫ ਇੰਡੀਆ ਦਾ ਬਾਜ਼ਾਰ ਪੂੰਜੀਕਰਣ 35,029.1 ਕਰੋੜ ਰੁਪਏ ਵਧ ਕੇ 5,47,257.19 ਕਰੋੜ ਰੁਪਏ ਹੋ ਗਿਆ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 31,568.08 ਕਰੋੜ ਰੁਪਏ ਵਧ ਕੇ 17,23,979.45 ਕਰੋੜ ਰੁਪਏ ਹੋ ਗਿਆ। ਇਸ ਮਿਆਦ ਦੇ ਦੌਰਾਨ, ਅਡਾਨੀ ਐਂਟਰਪ੍ਰਾਈਜਿਜ਼ ਦਾ ਮੁੱਲ 24,898.33 ਕਰੋੜ ਰੁਪਏ ਵਧ ਕੇ 4,39,966.33 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ ਬੈਂਕ ਦਾ ਮੁੱਲ 16,535.08 ਕਰੋੜ ਰੁਪਏ ਵਧ ਕੇ 9,07,505.41 ਕਰੋੜ ਰੁਪਏ ਹੋ ਗਿਆ।
ਰਿਲਾਇੰਸ ਇੰਡਸਟਰੀਜ਼ ਸਭ ਤੋਂ ਕੀਮਤੀ ਕੰਪਨੀ ਬਣੀ ਹੋਈ ਹੈ। ਇਸ ਤੋਂ ਬਾਅਦ ਟੀ.ਸੀ.ਐੱਸ, ਐੱਚ.ਡੀ.ਐੱਫ.ਸੀ ਬੈਂਕ, ਇਨਫੋਸਿਸ, ਆਈ.ਸੀ.ਆਈ.ਸੀ.ਆਈ ਬੈਂਕ, ਹਿੰਦੁਸਤਾਨ ਯੂਨੀਲੀਵਰ, ਸਟੇਟ ਬੈਂਕ ਆਫ ਇੰਡੀਆ, ਐੱਚ.ਡੀ.ਐੱਫ.ਸੀ, ਭਾਰਤੀ ਏਅਰਟੈੱਲ ਅਤੇ ਅਡਾਨੀ ਐਂਟਰਪ੍ਰਾਈਜ਼ਿਜ਼ ਦਾ ਨੰਬਰ ਆਉਂਦਾ ਹੈ।