ਸਵਿਸ ਬੈਂਕ ਦੇ ਕਾਲੇ ਧਨ ਦੀ ਜਾਂਚ ਦੇ ਘੇਰੇ ’ਚ ਆਏ ਕਈ ਟਰੱਸਟ

01/06/2020 10:57:02 AM

ਨਵੀਂ ਦਿੱਲੀ — ਭਾਰਤ ਅਤੇ ਸਵਿਟਜ਼ਰਲੈਂਡ ਦੇ ਟੈਕਸ ਅਧਿਕਾਰੀਆਂ ਨੇ ਅਜਿਹੇ ਟਰੱਸਟਸ ਦੀ ਪਛਾਣ ਕੀਤੀ ਹੈ ਜੋ ਟੈਕਸ ਚੋਰੀ ਦੇ ਸੁਰੱਖਿਅਤ ਪਨਾਹਗਾਹ ਵਾਲੇ ਦੇਸ਼ਾਂ ’ਚ ਸਥਿਤ ਟਰੱਸਟਸ ਦਾ ਜਾਲ ਬੁਣ ਕੇ ਸਵਿਸ ਬੈਂਕਾਂ ’ਚ ਗ਼ੈਰ-ਕਾਨੂੰਨੀ ਪੈਸਾ ਲੁਕੋ ਕੇ ਰੱਖਦੇ ਹਨ। ਅਜਿਹੇ ਟਰੱਸਟਸ ਨੂੰ ਸਵਿਟਜ਼ਰਲੈਂਡ ਦੇ ਟੈਕਸ ਅਥਾਰਟੀਆਂ ਨੇ ਨੋਟਿਸ ਜਾਰੀ ਕੀਤੇ ਹਨ। ਸਵਿਟਜ਼ਰਲੈਂਡ ਦੇ ਟੈਕਸ ਅਧਿਕਾਰੀ ਅਜਿਹੇ ਵਿਅਕਤੀਆਂ ਦੀ ਬੈਂਕ ਜਾਣਕਾਰੀ ਭਾਰਤ ਦੇ ਟੈਕਸ ਅਧਿਕਾਰੀਆਂ ਨਾਲ ਸਾਂਝਾ ਕਰ ਰਹੇ ਹਨ, ਜੋ ਟੈਕਸ ਚੋਰੀ ਕਰ ਕੇ ਇੱਥੋਂ ਬਾਹਰ ਭੱਜ ਗਏ ਹਨ। ਸਵਿਟਜ਼ਰਲੈਂਡ ਦੇ ਸਰਕਾਰੀ ਗਜ਼ਟ ’ਚ ਪਿਛਲੇ ਇਕ ਮਹੀਨੇ ਦੌਰਾਨ ਪ੍ਰਕਾਸ਼ਿਤ ਨੋਟਿਸਾਂ ਅਨੁਸਾਰ ਕੁਝ ਕਾਰੋਬਾਰੀਆਂ ਸਮੇਤ ਅਜਿਹੇ ਵਿਅਕਤੀਆਂ, ਕੇਮੈਨ ਆਈਲੈਂਡਸ ਸਥਿਤ ਟਰੱਸਟਸ ਅਤੇ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਭਾਰਤ ਨਾਲ ਬੈਂਕ ਜਾਣਕਾਰੀਆਂ ਸਾਂਝਾ ਕਰਨ ਦੇ ਵਿਰੁੱਧ ਅਪੀਲ ਕਰਨਾ ਚਾਹੁੰਦੇ ਹਨ ਤਾਂ ਆਪਣਾ ਨੁਮਾਇੰਦਾ ਨਾਮਜ਼ਦ ਕਰਨ। ਕੇਮੈਨ ਆਈਲੈਂਡਸ, ਪਨਾਮਾ ਅਤੇ ਬ੍ਰਿਟਿਸ਼ ਵਿਰਜ਼ਨ ਆਈਲੈਂਡਸ ਵਰਗੀਆਂ ਥਾਵਾਂ ’ਤੇ ਬਣਾਏ ਗਏ ਟਰੱਸਟਸ ਨੂੰ ਟੈਕਸ ਚੋਰੀ ਦਾ ਰਸਤਾ ਮੰਨਿਆ ਜਾਂਦਾ ਹੈ। ਇਨ੍ਹਾਂ ਨੋਟਿਸਾਂ ’ਚ ਕਾਰੋਬਾਰੀ ਅਤੁਲ ਪੁੰਜ, ਗੌਤਮ ਖੇਤਾਨ, ਸਤੀਸ਼ ਕਾਲੜਾ, ਵਿਨੋਦ ਕੁਮਾਰ ਖੰਨਾ, ਦੁੱਲਾਭਾਈ ਕੁੰਵਰਜੀ ਵਾਘੇਲਾ, ਰੀਵਾਬੇਨ ਦੁੱਲਾਭਾਈ ਕੁੰਵਰਜੀ ਵਾਘੇਲਾ ਅਤੇ ਬਲਵੰਤ ਕੁਮਾਰ ਦੁੱਲਾਭਾਈ ਵਾਘੇਲਾ ਆਦਿ ਨਾਂ ਸ਼ਾਮਲ ਹਨ। ਕੁਝ ਮਾਮਲਿਆਂ ’ਚ ਨੋਟਿਸਾਂ ਵਿਚ ਜਿਨ੍ਹਾਂ ਵਿਅਕਤੀਆਂ ਦਾ ਨਾਂ ਹੈ, ਉਹ ਪਹਿਲਾਂ ਹੀ ਮਰ ਚੁੱਕੇ ਹਨ। ਅਜਿਹੀ ਹਾਲਤ ’ਚ ਉਨ੍ਹਾਂ ਦੇ ਵਾਰਿਸਾਂ ਨੂੰ ਨੋਟਿਸ ਦਾ ਜਵਾਬ ਦੇਣ ਨੂੰ ਕਿਹਾ ਗਿਆ ਹੈ।

ਇਨ੍ਹਾਂ ਨੋਟਿਸਾਂ ’ਚ ਕੇਮੈਨ ਆਈਲੈਂਡਸ ਦੇ ਜਿਨ੍ਹਾਂ ਟਰੱਸਟਸ ਦਾ ਨਾਂ ਹੈ, ਉਨ੍ਹਾਂ ’ਚ ਦੀ. ਪੀ. ਦੇਵੀ ਚਿਲਡਰਨਜ਼ ਟਰੱਸਟ, ਦੀ. ਪੀ. ਦੇਵੀ ਟਰੱਸਟ, ਦਿ ਦਿਨੋਦ ਟਰੱਸਟ ਅਤੇ ਦਿ ਅਗਰਵਾਲ ਫੈਮਿਲੀ ਟਰੱਸਟ ਸ਼ਾਮਲ ਹਨ। ਕੇਮੈਨ ਆਈਲੈਂਡਸ ਸਥਿਤ ਦੇਵੀ ਲਿਮਟਿਡ ਅਤੇ ਭਾਰਤ ਸਥਿਤ ਅਧੀ ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ ਸਮੇਤ ਹੋਰ ਕੰਪਨੀਆਂ ਨੂੰ ਵੀ ਨੋਟਿਸ ਭੇਜੇ ਗਏ ਹਨ। ਅਜਿਹਾ ਸ਼ੱਕ ਹੈ ਕਿ ਇਨ੍ਹਾਂ ਟਰੱਸਟਸ ਦੀ ਵਰਤੋਂ ਕਰ ਕੇ ਕੁਝ ਸਿਆਸੀ ਆਗੂਆਂ ਨੇ ਆਪਣਾ ਗ਼ੈਰ-ਕਾਨੂੰਨੀ ਪੈਸਾ ਰੀਅਲ ਅਸਟੇਟ, ਜੈੱਮਸ ਐਂਡ ਗੋਲਡ, ਵਿੱਤੀ ਸੇਵਾਵਾਂ ਵਰਗੇ ਖੇਤਰਾਂ ਵਿਚ ਲਾਇਆ ਹੈ। ਸਵਿਟਜ਼ਰਲੈਂਡ ਦੀ ਸਰਕਾਰ ਨੇ ਟੈਕਸ ਚੋਰਾਂ ਦੀ ਪਨਾਹਗਾਹ ਵਜੋਂ ਆਪਣੇ ਦੇਸ਼ ਦੇ ਅਕਸ ਨੂੰ ਬਦਲਣ ਲਈ ਕੁਝ ਸਾਲਾਂ ਤੋਂ ਕਈ ਸੁਧਾਰ ਕੀਤੇ ਹਨ। ਉਹ ਇਸ ਸਬੰਧ ਵਿਚ ਸਮਝੌਤੇ ਦੇ ਤਹਿਤ ਵੱਖ-ਵੱਖ ਦੇਸ਼ਾਂ ਦੇ ਨਾਲ ਸ਼ੱਕੀ ਆਦਮੀਆਂ ਸਬੰਧੀ ਬੈਂਕਿੰਗ ਸੂਚਨਾਵਾਂ ਨੂੰ ਸਾਂਝਾ ਕਰਨ ਦੀ ਵਿਵਸਥਾ ਵਿਚ ਲੱਗ ਚੁੱਕੇ ਹਨ। ਸਵਿਟਜ਼ਰਲੈਂਡ ਨੇ ਹਾਲ ਵਿਚ ਕੁਝ ਦੇਸ਼ਾਂ ਦੇ ਨਾਲ ਸੂਚਨਾਵਾਂ ਸਾਂਝਾ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਭਾਰਤ ਵਿਚ ਕਾਲੇ ਧਨ ਦਾ ਮਾਮਲਾ ਸਿਆਸੀ ਤੌਰ ’ਤੇ ਸੰਵੇਦਨਸ਼ੀਲ ਹੈ । ਸਵਿਟਜ਼ਰਲੈਂਡ ਦੇ ਅਧਿਕਾਰੀਆਂ ਨੇ ਮਾਰਚ ਤੋਂ ਹੁਣ ਤੱਕ ਕਰੀਬ 3500 ਭਾਰਤੀ ਖਾਤਾਧਾਰਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਸਵਿਟਜ਼ਰਲੈਂਡ ਉਸ ਦੇ ਬੈਂਕਾਂ ਵਿਚ ਖਾਤੇ ਰੱਖਣ ਵਾਲੇ ਗਾਹਕਾਂ ਨੂੰ ਗੁਪਤ ਬਣਾਏ ਰੱਖਣ ਨੂੰ ਲੈ ਕੇ ਇਕ ਵੱਡੇ ਵਿਸ਼ਵ ਵਿੱਤੀ ਕੇਂਦਰ ਦੇ ਰੂਪ ਵਿਚ ਜਾਣਿਆ ਜਾਂਦਾ ਰਿਹਾ ਹੈ ਪਰ ਟੈਕਸ ਚੋਰੀ ਦੇ ਮਾਮਲੇ ਵਿਚ ਵਿਸ਼ਵ ਪੱਧਰ ’ਤੇ ਸਮਝੌਤੇ ਤੋਂ ਬਾਅਦ ਨਿੱਜਤਾ ਦੀ ਇਹ ਕੰਧ ਹੁਣ ਨਹੀਂ ਰਹੀ। ਖਾਤਾਧਾਰਕਾਂ ਦੀਆਂ ਸੂਚਨਾਵਾਂ ਨੂੰ ਸਾਂਝਾ ਕਰਨ ਨੂੰ ਲੈ ਕੇ ਭਾਰਤ ਸਰਕਾਰ ਨਾਲ ਉਸ ਨੇ ਸਮਝੌਤਾ ਕੀਤਾ ਹੈ। ਹੋਰ ਦੇਸ਼ਾਂ ਦੇ ਨਾਲ ਵੀ ਅਜਿਹੇ ਸਮਝੌਤੇ ਕੀਤੇ ਗਏ ਹਨ।


Related News