ਸੋਨੇ ਲਈ BIS ਮਾਰਕ ਲਾਜ਼ਮੀ, ਜੂਨ ਤੋਂ ਵਿਕਣਗੇ ਸਿਰਫ਼ ਇਸ ਕੈਰੇਟ ਦੇ ਗਹਿਣੇ

04/14/2021 3:52:33 PM

ਨਵੀਂ ਦਿੱਲੀ- 1 ਜੂਨ 2021 ਤੋਂ ਸਿਰਫ਼ ਹਾਲਮਾਰਕ ਵਾਲੇ ਸੋਨੇ ਦੇ ਗਹਿਣੇ ਹੀ ਵਿਕਣਗੇ। ਹਾਲਮਾਰਕ ਸੋਨੇ ਦੀ ਸ਼ੁੱਧਤਾ ਦਾ ਪ੍ਰਤੀਕ ਹੁੰਦਾ ਹੈ। ਜਿਊਲਰਜ਼ ਨੂੰ ਹੁਣ ਹਾਲਮਾਰਕਿੰਗ ਨਾਲ 14, 18 ਤੇ 22 ਕੈਰੇਟ ਸੋਨੇ ਦੇ ਗਹਿਣੇ ਹੀ ਵੇਚਣ ਦੀ ਇਜਾਜ਼ਤ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੀ ਲਾਜ਼ਮੀ ਹਾਲਮਾਰਕਿੰਗ ਦਾ ਉਦੇਸ਼ ਗਾਹਕਾਂ ਦੇ ਹਿੱਤਾਂ ਦੀ ਰਾਖ਼ੀ ਕਰਨਾ ਹੈ। ਹਾਲਮਾਰਕਿੰਗ ਨਾਲ ਗਹਿਣਿਆਂ ਦੀ ਖ਼ਰੀਦਦਾਰੀ ਵਿਚ ਹੁਣ ਧੋਖਾਧੜੀ ਦੀ ਕੋਈ ਗੁੰਜਾਇਸ਼ ਨਹੀਂ ਰਹੇਗੀ ਅਤੇ ਲੋਕਾਂ ਨੂੰ ਸ਼ੁੱਧ ਸੋਨਾ ਮਿਲੇਗਾ।

ਹੁਣ ਤੱਕ ਇਹ ਲਾਜ਼ਮੀ ਨਹੀਂ ਸੀ ਪਰ ਹੁਣ ਕਰ ਦਿੱਤਾ ਜਾਵੇਗਾ। ਸਰਕਾਰ ਨੇ ਸੋਨੇ ਦੇ ਗਹਿਣਿਆਂ ਅਤੇ ਕਲਾਕ੍ਰਿਤੀਆਂ ਲਈ ਹਾਲਮਾਰਕਿੰਗ ਜਨਵਰੀ 2021 ਤੋਂ ਜ਼ਰੂਰੀ ਕਰਨ ਦੀ ਘੋਸ਼ਣਾ ਕੀਤੀ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਇਸ ਦੀ ਤਾਰੀਖ਼ 1 ਜੂਨ ਕਰ ਦਿੱਤੀ ਗਈ ਸੀ, ਜਿਸ ਨੂੰ ਹੋਰ ਅੱਗੇ ਨਹੀਂ ਵਧਾਇਆ ਜਾਵੇਗਾ।

ਇਹ ਵੀ ਪੜ੍ਹੋ- ਬੈਂਕਾਂ ਵੱਲੋਂ ਵਿਸ਼ੇਸ਼ FD ਦਾ ਤੋਹਫ਼ਾ, ਮਾਂ-ਪਿਓ ਨੂੰ ਕਰਾ ਸਕਦੇ ਹੋ ਇੰਨਾ ਫਾਇਦਾ

ਸਰਕਾਰ ਨੇ ਜਿਊਲਰਜ਼ ਨੂੰ ਹਾਲਮਾਰਕਿੰਗ ਦੀ ਤਿਆਰੀ ਕਰਨ ਲਈ ਅਤੇ ਬਿਊਰੋ ਆਫ਼ ਇੰਡੀਅਨ ਸਟੈਂਡਰਡ (ਬੀ. ਆਈ. ਐੱਸ.) ਨਾਲ ਰਜਿਸਟ੍ਰੇਸ਼ਨ ਕਰਾਉਣ ਲਈ ਕਾਫ਼ੀ ਸਮਾਂ ਦਿੱਤਾ ਹੈ। ਹੁਣ ਤੱਕ 34,647 ਜਿਊਲਰਜ਼ ਬੀ. ਆਈ. ਐੱਸ. ਨਾਲ ਰਜਿਸਟਰਡ ਹੋ ਗਏ ਹਨ।ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਆਨਲਾਈਨ ਅਤੇ ਆਟੋਮੈਟਿਕ ਕੀਤਾ ਗਿਆ ਹੈ। ਬੀ. ਆਈ. ਐੱਸ. ਦੇ ਡਾਇਰੈਕਟਰ ਨੇ ਉਮੀਦ ਜਤਾਈ ਹੈ ਕਿ ਅਗਲੇ ਇਕ-ਦੋ ਮਹੀਨਿਆਂ ਵਿਚ ਰਜਿਸਟ੍ਰੇਸ਼ਨ ਦਾ ਅੰਕੜਾ 1 ਲੱਖ 'ਤੇ ਪਹੁੰਚ ਜਾਵੇਗਾ। ਇਸ ਸਮੇਂ ਲਗਭਗ 40 ਫ਼ੀਸਦੀ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਕੀਤੀ ਜਾ ਰਹੀ ਹੈ। ਦੋ ਗ੍ਰਾਮ ਤੋਂ ਜ਼ਿਆਦਾ ਜਿਊਲਰੀ ਨੂੰ ਬੀ. ਆਈ. ਐੱਸ. ਤੋਂ ਮਾਨਤਾ ਪ੍ਰਾਪਤ ਸੈਂਟਰ ਤੋਂ ਜਾਂਚ ਕਰਾ ਕੇ ਉਸ 'ਤੇ ਸਬੰਧਤ ਕੈਰੇਟ ਦਾ ਬੀ. ਆਈ. ਐੱਸ. ਮਾਰਕ ਲਵਾਉਣਾ ਹੋਵੇਗਾ।

ਇਹ ਵੀ ਪੜ੍ਹੋ- 5G ਸੇਵਾ ਸ਼ੁਰੂ ਕਰਨ ਦੀ ਤਿਆਰੀ 'ਚ AIRTEL, ਮਿਲੇਗਾ ਸੁਪਰਫਾਸਟ ਨੈੱਟ

►ਹਾਲਮਾਰਕਿੰਗ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News