ਜਨਵਰੀ ਤੋਂ ਸੀ. ਪੀ. ਓ. ''ਤੇ 8 ਫ਼ੀਸਦੀ ਬਰਾਮਦ ਟੈਕਸ ਲਾਏਗਾ ਮਲੇਸ਼ੀਆ

Saturday, Dec 26, 2020 - 01:42 PM (IST)

ਨਵੀਂ ਦਿੱਲੀ- ਸਾਲ 2021 ਵਿਚ ਵੀ ਤੇਲ ਕੀਮਤਾਂ ਵਿਚ ਮਜਬੂਤੀ ਬਣੇ ਰਹਿਣ ਦੇ ਆਸਾਰ ਹਨ। ਪਿਛਲੇ ਮਹੀਨੇ ਭਾਰਤ ਸਰਕਾਰ ਵੱਲੋਂ ਕੱਚੇ ਪਾਮ ਤੇਲ (ਸੀ. ਪੀ. ਓ.) 'ਤੇ ਬੇਸਿਕ ਇੰਪੋਰਟ ਡਿਊਟੀ 37.5 ਫ਼ੀਸਦੀ ਤੋਂ ਘਟਾ ਕੇ 27.5 ਫ਼ੀਸਦੀ ਕਰ ਦਿੱਤੀ ਗਈ ਪਰ ਇਸ ਵਿਚਕਾਰ ਹੁਣ ਮਲੇਸ਼ੀਆ ਸਰਕਾਰ ਨੇ ਜਨਵਰੀ 2021 ਤੋਂ ਸੀ. ਪੀ. ਓ. 'ਤੇ 8 ਫ਼ੀਸਦੀ ਬਰਾਮਦ ਟੈਕਸ ਲਾਉਣ ਦਾ ਐਲਾਨ ਕੀਤਾ ਹੈ।

ਇੰਡੋਨੇਸ਼ੀਆ ਨੇ ਵੀ ਦਸੰਬਰ ਦੀ ਸ਼ੁਰੂਆਤ ਵਿਚ ਆਪਣੀ ਬਰਾਮਦ ਡਿਊਟੀ 3 ਡਾਲਰ ਪ੍ਰਤੀ ਟਨ ਤੋਂ ਵਧਾ ਕੇ 33 ਡਾਲਰ ਪ੍ਰਤੀ ਟਨ ਕਰ ਦਿੱਤੀ ਹੈ। ਇਸ ਦੇ ਮੱਦੇਨਜ਼ਰ ਭਾਰਤ ਵਰਗੇ ਵੱਡੇ ਦਰਾਮਦਕਾਰ ਦਸੰਬਰ ਵਿਚ ਮਲੇਸ਼ੀਆ ਤੋਂ ਵਧੇਰੇ ਦਰਾਮਦ ਕਰ ਸਕਦੇ ਹਨ, ਤਾਂ ਜੋ ਬਰਾਮਦ ਡਿਊਟੀ ਕਾਰਨ ਵਧਣ ਵਾਲੀਆਂ ਕੀਮਤਾਂ ਤੋਂ ਬਚਿਆ ਜਾ ਸਕੇ। ਹਾਲਾਂਕਿ, ਇਸ ਕਦਮ ਨਾਲ ਅਗਲੀ ਤਿਮਾਹੀ ਵਿਚ ਕੀਮਤ ਵਿਚ ਤੇਜ਼ੀ ਆ ਸਕਦੀ ਹੈ।

ਗੌਰਤਲਬ ਹੈ ਕਿ ਸੀ. ਪੀ. ਓ. ਦੇ ਉਤਪਾਦਕ ਬਾਇਓਡੀਜ਼ਲ ਪ੍ਰੋਗਰਾਮ ਵਿਚ ਇਸ ਦਾ ਇਸਤੇਮਾਲ ਵਧਾ ਰਹੇ ਹਨ, ਜਿਸ ਕਾਰਨ ਇਨ੍ਹਾਂ ਵੱਲੋਂ ਬਰਾਮਦ ਨੂੰ ਸੀਮਤ ਕੀਤਾ ਜਾ ਰਿਹਾ ਹੈ। ਮਲੇਸ਼ੀਆ 'ਚ ਪਿਛਲੇ ਛੇ ਮਹੀਨਿਆਂ 'ਚ ਪਾਮ ਤੇਲ ਦੇ ਉਤਪਾਦਨ 'ਚ ਕਮੀ ਵੀ ਆਈ ਹੈ। ਭਾਰਤ ਦੇ ਕੁੱਲ ਖਾਣ ਵਾਲੇ ਤੇਲ ਦੀ ਖ਼ਪਤ 'ਚ ਪਾਮ ਤੇਲ ਦਾ ਹਿੱਸਾ 40 ਫ਼ੀਸਦੀ ਤੋਂ ਜ਼ਿਆਦਾ ਹੈ। ਕੱਚੇ ਤੇਲ ਅਤੇ ਸੋਨੇ ਤੋਂ ਬਾਅਦ ਪਾਮ ਤੇਲ ਭਾਰਤ ਵੱਲੋਂ ਤੀਜੀ ਸਭ ਤੋਂ ਵੱਡੀ ਦਰਾਮਦ ਕੀਤੀ ਜਾਣ ਵਾਲੀ ਜਿਣਸ ਹੈ। ਭਾਰਤ ਖਾਣ ਵਾਲੇ ਤੇਲ ਦਾ ਦੁਨੀਆ ਦਾ ਸਭ ਤੋਂ ਵੱਡਾ ਦਰਾਮਦਕਾਰ ਦੇਸ਼ ਹੈ ਅਤੇ ਮਲੇਸ਼ੀਆ ਤੇ ਇੰਡੋਨੇਸ਼ੀਆ ਸਣੇ ਹੋਰ ਦੇਸ਼ਾਂ ਤੋਂ ਸਾਲਾਨਾ 1.5 ਕਰੋੜ ਟਨ ਖਾਣ ਵਾਲੇ ਤੇਲ ਖ਼ਰੀਦਦਾ ਹੈ।


Sanjeev

Content Editor

Related News