ਇਲੈਕਟ੍ਰਿਕ ਵਾਹਨ ਕਾਰੋਬਾਰ 'ਚ 3,000 ਕਰੋੜ ਰੁਪਏ ਹੋਰ ਲਾਵੇਗੀ ਮਹਿੰਦਰਾ
Sunday, Apr 11, 2021 - 03:31 PM (IST)
ਨਵੀਂ ਦਿੱਲੀ- ਮਹਿੰਦਰਾ ਐਂਡ ਮਹਿੰਦਰਾ ਅਗਲੇ ਤਿੰਨ ਸਾਲਾਂ ਵਿਚ ਇਲੈਕਟ੍ਰਿਕ ਵਾਹਨ ਕਾਰੋਬਾਰ ਵਿਚ 3,000 ਕਰੋੜ ਰੁਪਏ ਦਾ ਨਵਾਂ ਨਿਵੇਸ਼ ਕਰੇਗੀ, ਨਾਲ ਹੀ ਕੰਪਨੀ ਇਸ ਵਿਚ ਹੋਰ ਹਿੱਸੇਦਾਰੀ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮਹਿੰਦਰਾ ਵਿਸ਼ਵ ਪੱਧਰ 'ਤੇ ਆਪਣੀ ਸਮਰੱਥਾ ਦੀ ਵਰਤੋਂ ਇਲੈਕਟ੍ਰਿਕ ਵਾਹਨ (ਈ. ਵੀ.) ਮੰਚ ਦੇ ਵਿਕਾਸ 'ਤੇ ਜ਼ੋਰ-ਸ਼ੋਰ ਨਾਲ ਕੰਮ ਕਰ ਰਹੀ ਹੈ।
ਮਹਿੰਦਰਾ ਗਰੁੱਪ ਦੇ ਪ੍ਰਬੰਧਕ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਅਨੀਸ਼ ਸ਼ਾਹ ਨੇ ਕਿਹਾ, ''ਇਲੈਕਟ੍ਰਿਕ ਵਾਹਨਾਂ ਦੇ ਖੇਤਰ ਵਿਚ ਅਸੀਂ 3,000 ਕਰੋੜ ਰੁਪਏ ਨਿਵੇਸ਼ ਕਰਨ ਜਾ ਰਹੇ ਹਾਂ। ਅਸੀਂ ਜੋ ਪਹਿਲਾਂ ਕਿਹਾ ਹੈ, ਇਹ ਨਿਵੇਸ਼ ਉਸ ਤੋਂ ਇਲਾਵਾ ਹੋਵੇਗਾ।''
ਮਹਿੰਦਰਾ ਨੇ ਪਹਿਲਾਂ ਕਿਹਾ ਸੀ ਕਿ ਉਹ ਵਾਹਨ ਤੇ ਖੇਤੀ ਖੇਤਰਾਂ ਵਿਚ ਅਗਲੇ ਪੰਜ ਸਾਲਾਂ ਵਿਚ 9,000 ਕਰੋੜ ਰੁਪਏ ਨਿਵੇਸ਼ ਕਰੇਗੀ। ਕੰਪਨੀ ਨੇ 2025 ਤੱਕ ਪੰਜ ਲੱਖ ਇਲੈਕਟ੍ਰਿਕ ਵਾਹਨਾਂ ਨੂੰ ਭਾਰਤੀ ਸੜਕਾਂ 'ਤੇ ਉਤਾਰਨ ਦਾ ਟੀਚਾ ਰੱਖਿਆ ਹੈ ਅਤੇ ਉਹ ਭਾਰਤ ਵਿਚ ਈ. ਵੀ. ਕਾਰੋਬਾਰ ਵਿਚ 1,700 ਕਰੋੜ ਰੁਪਏ ਨਿਵੇਸ਼ ਕਰ ਚੁੱਕੀ ਹੈ। ਇਸ ਤੋਂ ਇਲਾਵਾ 500 ਕਰੋੜ ਰੁਪਏ ਨਵੇਂ ਰਿਸਰਚ ਤੇ ਵਿਕਾਸ (ਆਰ. ਐਂਡ ਡੀ.) ਕੇਂਦਰ ਵਿਚ ਨਿਵੇਸ਼ ਕੀਤਾ ਹੈ। ਮਹਿੰਦਰਾ ਨੇ ਬੇਂਗਲੁਰੂ ਵਿਚ ਇਲੈਕਟ੍ਰਿਕ ਤਕਨੀਕੀ ਪਲਾਂਟ ਖੋਲ੍ਹਿਆ ਹੈ। ਇਸ ਵਿਚ ਬੈਟਰੀ ਪੈਕ, ਪਾਵਰ ਇਲੈਕਟ੍ਰਾਨਿਕਸ ਤੇ ਮੋਟਰ ਦਾ ਉਤਪਾਦਨ ਹੁੰਦਾ ਹੈ। ਪੁਣੇ ਵਿਚ ਵੀ ਨਿਰਮਾਣ ਇਕਾਈ ਵਿਚ ਨਿਵੇਸ਼ ਕੀਤਾ ਹੈ। ਹਾਲ ਹੀ ਵਿਚ ਪ੍ਰਬੰਧਕ ਨਿਰਦੇਸ਼ਕ ਅਤੇ ਸੀ. ਈ. ਓ. ਦੀ ਜਿੰਮੇਵਾਰੀ ਸੰਭਾਲਣ ਵਾਲੇ ਸ਼ਾਹ ਨੇ ਕਿਹਾ ਕਿ ਆਉਣ ਵਾਲਾ ਸਮਾਂ ਇਲੈਕਟ੍ਰਿਕ ਵਾਹਨਾਂ ਦਾ ਹੈ।