ਮਹਿੰਦਰਾ ਦੀ ਗੱਡੀ ਨੇ ਮਚਾਈ ਧੂੰਮ, 10 ਹਜ਼ਾਰ ਤੋਂ ਟੱਪੀ ਬੁਕਿੰਗ, ਜਾਣੋ ਕੀਮਤਾਂ

11/04/2018 2:32:05 PM

ਚੇਨਈ— ਮਹਿੰਦਰਾ ਦੀ ਹਾਲ ਹੀ 'ਚ ਲਾਂਚ ਹੋਈ ਨਵੀਂ ਐੱਮ. ਪੀ. ਵੀ. ਗੱਡੀ ਗਾਹਕਾਂ ਦੇ ਦਿਲਾਂ 'ਤੇ ਛਾ ਗਈ ਹੈ। ਲੋਕਾਂ ਵੱਲੋਂ ਇਸ ਕਾਰ ਨੂੰ ਇੰਨਾ ਕੁ ਪਸੰਦ ਕੀਤਾ ਜਾ ਰਿਹਾ ਹੈ ਕਿ ਇਕ ਮਹੀਨੇ 'ਚ 10 ਹਜ਼ਾਰ ਤੋਂ ਵੱਧ ਗੱਡੀਆਂ ਦੀ ਬੁਕਿੰਗ ਹੋ ਚੁੱਕੀ ਹੈ।ਇਹ ਗੱਡੀ ਹੈ ਮਰਾਜ਼ੋ। ਮਰਾਜ਼ੋ ਸਪੈਨਿਸ਼ ਸ਼ਬਦ ਹੈ ਜਿਸ ਦਾ ਇੰਗਲਿਸ਼ 'ਚ ਅਰਥ ਸ਼ਾਰਕ ਹੁੰਦਾ ਹੈ। ਮਹਿੰਦਰਾ ਨੇ ਇਸ ਕਾਰ 'ਚ ਖੁੱਲ੍ਹੇ-ਡੁੱਲ੍ਹੇ ਅਤੇ ਅਰਾਮਦਾਇਕ ਬੈਠਣ ਲਈ ਕਾਫੀ ਜਗ੍ਹਾ ਦਿੱਤੀ ਹੈ। ਕੰਪਨੀ ਮੁਤਾਬਕ ਇਸ ਗੱਡੀ 'ਚ 7-8 ਲੋਕ ਅਰਾਮ ਨਾਲ ਬੈਠ ਕੇ ਸਫਰ ਕਰ ਸਕਦੇ ਹਨ। ਮਹਿੰਦਰਾ ਮਰਾਜ਼ੋ ਨੂੰ ਸ਼ਾਰਕ ਦੀ ਤਰ੍ਹਾਂ ਡਿਜ਼ਾਇਨ ਦਿੱਤਾ ਗਿਆ ਹੈ। ਕਾਰ ਦੇ ਸਾਹਮਣੇ ਵਾਲੇ ਹਿੱਸੇ ਦੀ ਗਰਿਲ ਸ਼ਾਰਕ ਦੇ ਦੰਦਾਂ ਦੀ ਤਰ੍ਹਾਂ ਦਿਸਦੀ ਹੈ। ਟੇਲ ਲੈਂਪ ਅਤੇ ਐਨਟੀਨਾ ਵੀ ਸ਼ਾਰਕ ਦੇ ਟੇਲ ਤੋਂ ਪ੍ਰਭਾਵਿਤ ਹਨ।

ਇਸ ਗੱਡੀ ਦੀ ਬੁਕਿੰਗ ਤੋਂ ਕੰਪਨੀ ਕਾਫੀ ਖੁਸ਼ ਹੈ। ਮਹਿੰਦਰਾ ਐਂਡ ਮਹਿੰਦਰਾ ਲਿਮ. ਚੀਫ ਸੇਲਜ਼ ਮੈਨੇਜਰ ਵਿਜੇ ਨਾਗਰਾ ਨੇ ਕਿਹਾ ਕਿ ਅਸੀਂ ਉਨ੍ਹਾਂ ਸਾਰੇ ਗਾਹਕਾਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਵੱਲੋਂ ਇਕ ਮਹੀਨੇ 'ਚ ਇੰਨੀ ਬੁਕਿੰਗ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਮਰਾਜ਼ੋ ਨੇ ਥੋੜ੍ਹੇ ਹੀ ਸਮੇਂ 'ਚ ਇਕ ਵੱਡੀ ਮੱਲ ਮਾਰੀ ਹੈ।ਉਨ੍ਹਾਂ ਨੇ ਦੱਸਿਆ ਕਿ ਮਰਾਜ਼ੋ ਦੇ ਸਾਰੇ ਵੇਰੀਅੰਟ 'ਚ ਏ. ਬੀ. ਐੱਸ., ਆਈ. ਬੀ. ਡੀ., ਡਿਊਲ ਏਅਰਬੈਗ ਅਤੇ ਚਾਰੇ ਪਹੀਏ 'ਚ ਡਿਸਕ ਬ੍ਰੇਕ ਅਤੇ ਸੈਂਟਰਲ ਲਾਕਿੰਗ ਫੀਚਰ, ਪਾਵਰ ਵਿੰਡੋ ਅਤੇ ਰਿਅਰ ਏ. ਸੀ. ਵਰਗੇ ਫੀਚਰ ਦਿੱਤੇ ਗਏ ਹਨ।ਕੀਮਤਾਂ ਦੀ ਗੱਲ ਕਰੀਏ ਤਾਂ ਮਰਾਜ਼ੋ ਦੇ ਐੱਮ-2 ਮਾਡਲ ਦੀ ਕੀਮਤ 9,99,000 ਰੁਪਏ ਤੋਂ ਲੈ ਕੇ 10,04,000 ਰੁਪਏ ਤਕ ਹੈ। ਐੱਮ-4 ਮਾਡਲ ਦੀ ਕੀਮਤ 10,95,000 ਰੁਪਏ ਤੋਂ 11,00,000 ਰੁਪਏ ਤਕ ਹੈ। ਇਸੇ ਤਰ੍ਹਾਂ ਐੱਮ-6 ਮਾਡਲ ਦੀ ਕੀਮਤ 12,40,000 ਰੁਪਏ ਤੋਂ ਲੈ ਕੇ 12,45,000 ਰੁਪਏ ਤਕ ਹੈ, ਜਦੋਂ ਕਿ ਐੱਮ-8 ਮਾਡਲ ਦੀ ਕੀਮਤ 13,90,000 ਰੁਪਏ ਹੈ। ਇਨ੍ਹਾਂ ਕੀਮਤਾਂ 'ਚ ਕੋਈ ਵੀ ਟੈਕਸ ਸ਼ਾਮਲ ਨਹੀਂ ਹੈ, ਯਾਨੀ ਜਦੋਂ ਤੁਸੀਂ ਗੱਡੀ ਖਰੀਦਣ ਜਾਓਗੇ ਤਾਂ ਇਸ ਦੀ ਕੀਮਤ ਵਧ ਹੋਵੇਗੀ।


Related News