GST ਬਿੱਲ ਲੈਣ 'ਤੇ ਲੱਗੇਗੀ 1 ਕਰੋੜ ਦੀ ਲਾਟਰੀ, ਲਾਂਚ ਹੋਣ ਜਾ ਰਹੀ ਹੈ ਯੋਜਨਾ

02/05/2020 8:34:14 AM

ਨਵੀਂ ਦਿੱਲੀ— ਸਾਮਾਨ ਖਰੀਦਦੇ ਸਮੇਂ ਦੁਕਾਨਦਾਰ ਕੋਲੋਂ ਜੀ. ਐੱਸ. ਟੀ. ਦਾ ਬਿੱਲ ਲੈਂਦੇ ਹੋ ਤਾਂ ਤੁਹਾਡੀ 1 ਕਰੋੜ ਤੱਕ ਦੀ ਲਾਟਰੀ ਲੱਗ ਸਕਦੀ ਹੈ, ਯਾਨੀ ਘਰ ਬੈਠੇ-ਬੈਠੇ ਅਮੀਰ ਬਣ ਸਕਦੇ ਹੋ। ਸਰਕਾਰ ਗਾਹਕਾਂ ਨੂੰ ਸਾਮਾਨ ਖਰੀਦਣ 'ਤੇ ਬਿੱਲ ਲੈਣ ਲਈ ਉਤਸ਼ਾਹਤ ਕਰਨ ਲਈ ਜਲਦ ਹੀ ਇਕ ਲਾਟਰੀ ਯੋਜਨਾ ਲਿਆਉਣ ਜਾ ਰਹੀ ਹੈ। ਜੀ. ਐੱਸ. ਟੀ. ਲਾਟਰੀ ਯੋਜਨਾ ਤਹਿਤ 10 ਲੱਖ ਤੋਂ 1 ਕਰੋੜ ਰੁਪਏ ਤੱਕ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਜਾਵੇਗੀ।

 

ਗਾਹਕ ਖਰੀਦਦਾਰੀ ਦਾ ਜੋ ਬਿੱਲ ਲੈਣਗੇ, ਉਸੇ ਜ਼ਰੀਏ ਉਹ ਲਾਟਰੀ ਜਿੱਤ ਸਕਣਗੇ। ਇਸ ਯੋਜਨਾ ਤਹਿਤ ਖਰੀਰਦਦਾਰੀ ਦੇ ਬਿੱਲਾਂ ਨੂੰ ਜੀ. ਐੱਸ. ਟੀ. ਪੋਰਟਲ 'ਤੇ ਅਪਲੋਡ ਕੀਤਾ ਜਾਵੇਗਾ ਅਤੇ ਲਾਟਰੀ ਕੰਪਿਊਟਰ ਜ਼ਰੀਏ ਆਟੋਮੈਟਿਕ ਨਿੱਕੇਲਗੀ, ਜੋ ਜੇਤੂ ਹੋਵੇਗਾ ਉਸ ਨੂੰ ਇਸ ਦੀ ਸੂਚਨਾ ਦਿੱਤੀ ਜਾਵੇਗੀ।
ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਸ (ਸੀ. ਬੀ. ਆਈ. ਸੀ.) ਦੇ ਮੈਂਬਰ ਜੌਨ ਜੋਸਫ ਨੇ ਕਿਹਾ ਕਿ ਜੀ. ਐੱਸ. ਟੀ. ਦੇ ਹਰ ਬਿੱਲ 'ਤੇ ਗਾਹਕ ਨੂੰ ਲਾਟਰੀ ਜਿੱਤਣ ਦਾ ਮੌਕਾ ਮਿਲੇਗਾ। ਇਸ ਨਾਲ ਗਾਹਕ ਟੈਕਸ ਚੁਕਾਉਣ ਲਈ ਉਤਸ਼ਾਹਤ ਹੋਣਗੇ। ਜੋਸਫ ਨੇ ਉਦਯੋਗ ਮੰਡਲ ਐਸੋਚੈਮ ਦੇ ਇਕ ਪ੍ਰੋਗਰਾਮ 'ਚ ਸੰਬੋਧਨ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਦਾ ਬਿੱਲ ਲੈਣ ਵਾਲੇ ਕੋਲ 10 ਲੱਖ ਤੋਂ 1 ਕਰੋੜ ਰੁਪਏ ਤੱਕ ਦਾ ਇਨਾਮ ਜਿੱਤਣ ਦਾ ਮੌਕਾ ਹੋਵੇਗਾ।
ਉੱਥੇ ਹੀ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਾਲੀ ਜੀ. ਐੱਸ. ਟੀ. ਕੌਂਸਲ ਪ੍ਰਸਤਾਵਿਤ ਲਾਟਰੀ ਯੋਜਨਾ ਦੀ ਸਮੀਖਿਆ ਕਰੇਗੀ। ਕੌਂਸਲ ਇਹ ਵੀ ਫੈਸਲਾ ਕਰੇਗੀ ਕਿ ਇਸ ਯੋਜਨਾ ਤਹਿਤ ਘੱਟੋ-ਘੱਟ ਬਿੱਲ ਕਿੰਨੇ ਦਾ ਹੋਵੇ, ਜਿਸ 'ਤੇ ਇਨਾਮ ਕੱਢਿਆ ਜਾਵੇ। ਯੋਜਨਾ ਮੁਤਾਬਕ ਲਾਟਰੀ ਦੇ ਜੇਤੂਆਂ ਨੂੰ ਇਨਾਮ 'ਕੰਜ਼ਿਊਮਰ ਵੈੱਲਫੇਅਰ ਫੰਡ' 'ਚੋਂ ਦਿੱਤਾ ਜਾਵੇਗਾ। ਇਸ ਫੰਡ 'ਚ ਜੀ. ਐੱਸ. ਟੀ. ਮੁਨਾਫਾਖੋਰੀ ਕਾਰਵਾਈ ਤੋਂ ਪ੍ਰਾਪਤ ਰਾਸ਼ੀ ਨੂੰ ਟਰਾਂਸਫਰ ਕੀਤਾ ਜਾਂਦਾ ਹੈ।


Related News