LIC ਦੇ IPO ਤੋਂ ਮੋਟੀ ਕਮਾਈ ਲਈ ਰਹੋ ਤਿਆਰ, ਜਾਣੋ ਕਦੋਂ ਹੋ ਰਿਹੈ ਲਾਂਚ
Monday, Jul 12, 2021 - 03:38 PM (IST)
ਨਵੀਂ ਦਿੱਲੀ- ਜੋਮੈਟੇ ਦੇ ਆਈ. ਪੀ. ਓ. ਪਿੱਛੋਂ ਨਿਵੇਸ਼ਕਾਂ ਲਈ ਇਕ ਹੋਰ ਚੰਗੀ ਖ਼ਬਰ ਹੈ। ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦਾ ਆਈ. ਪੀ. ਓ. ਮਾਰਚ 2022 ਤੱਕ ਆ ਸਕਦਾ ਹੈ।
ਰਿਪੋਰਟਾਂ ਮੁਤਾਬਕ, ਪਿਛਲੇ ਹਫ਼ਤੇ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ. ਸੀ. ਈ. ਏ.) ਦੀ ਬੈਠਕ ਵਿਚ ਐੱਲ. ਆਈ. ਸੀ. ਦੇ ਆਈ. ਪੀ. ਨੂੰ ਹਰੀ ਝੰਡੀ ਮਿਲ ਗਈ ਹੈ।
ਰਿਪੋਰਟਾਂ ਦਾ ਕਹਿਣਾ ਹੈ ਕਿ ਪੈਨਲ ਐੱਲ. ਆਈ. ਸੀ. ਦੀ ਕੀਮਤ ਤੈਅ ਕਰੇਗਾ। ਐੱਲ. ਆਈ. ਸੀ. ਦਾ ਕਿੰਨਾ ਹਿੱਸਾ ਵਿਕੇਗਾ ਇਹ ਵੀ ਪੈਨਲ ਹੀ ਨਿਰਧਾਰਤ ਕਰੇਗਾ।
ਸਰਕਾਰ ਦਾ ਮਾਰਚ 2022 ਤੱਕ ਇਸ ਦੀ ਲਿਸਟਿੰਗ ਕਰਨ ਦਾ ਪ੍ਰਸਤਾਵ ਹੈ। ਦੱਸ ਦੇਈਏ ਕਿ ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਨੇ ਇਸ ਸਾਲ ਜਨਵਰੀ ਵਿਚ ਬੀਮਾ ਕੰਪਨੀ ਮਿਲੀਮੈਨ ਐਡਵਾਈਜ਼ਰ ਐੱਲ. ਐੱਲ. ਪੀ. ਇੰਡੀਆ ਨੂੰ ਆਈ. ਪੀ. ਓ. ਤੋਂ ਪਹਿਲਾਂ ਐੱਲ. ਆਈ. ਸੀ. ਦਾ ਮੁਲਾਂਕਣ ਕਰਨ ਲਈ ਨਿਯੁਕਤ ਕੀਤਾ ਸੀ। ਇਸ ਨੂੰ ਭਾਰਤ ਦੇ ਕਾਰਪੋਰੇਟ ਇਤਿਹਾਸ ਦਾ ਸਭ ਤੋਂ ਵੱਡਾ ਆਈ. ਪੀ. ਓ. ਕਿਹਾ ਜਾ ਰਿਹਾ ਹੈ। ਸਰਕਾਰ ਬਜਟੀ ਘਾਟੇ ਦਾ ਪਾੜਾ ਘੱਟ ਕਰਨ ਲਈ ਐੱਲ. ਆਈ. ਸੀ. ਦੀ ਲਿਸਟਿੰਗ ਕਰਨਾ ਚਾਹੁੰਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2020-21 ਦੇ ਬਜਟ ਨੂੰ ਪੇਸ਼ ਕਰਦੇ ਸਮੇਂ ਐੱਲ. ਆਈ. ਸੀ. ਦੇ ਆਈ. ਪੀ. ਓ. ਦਾ ਐਲਾਨ ਕੀਤਾ ਸੀ।