1 ਲੱਖ ਕਰੋੜ ਰੁ: ਦਾ ਹੋ ਸਕਦਾ ਹੈ LIC ਦਾ IPO, ਨਿਵੇਸ਼ਕਾਂ ''ਚ ਭਾਰੀ ਉਤਸ਼ਾਹ
Monday, Aug 09, 2021 - 10:21 AM (IST)
ਨਵੀਂ ਦਿੱਲੀ- ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਪ੍ਰਸਤਾਵਿਤ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਈ ਨਿਵੇਸ਼ਕਾਂ ਵਿਚ ਬਹੁਤ ਭਾਰੀ ਉਤਸ਼ਾਹ ਹੈ। ਉਨ੍ਹਾਂ ਨੇ ਵੇਰਵੇ ਜਾਣਨ ਲਈ ਸਰਕਾਰ ਨਾਲ ਸੰਪਰਕ ਕੀਤਾ ਹੈ। ਐੱਲ. ਆਈ. ਸੀ. ਦਾ ਆਈ. ਪੀ. ਓ. ਇਸ ਵਿੱਤੀ ਸਾਲ ਦੇ ਅੰਤ ਤੱਕ ਆ ਸਕਦਾ ਹੈ।
ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਵੱਲੋਂ ਐੱਲ. ਆਈ. ਸੀ. ਦੀ ਵਿੱਤੀ ਸਥਿਤੀ ਅਤੇ ਆਈ. ਪੀ. ਓ. ਤੋਂ ਪਹਿਲਾਂ ਬੀਮਾ ਕੰਪਨੀ ਦੇ ਢਾਂਚੇ ਵਿਚ ਬਦਲਾਅ ਦੀ ਜਾਣਕਾਰੀ ਦਿੱਤੇ ਜਾਣ ਨਾਲ ਨਿਵੇਸ਼ਕਾਂ ਵਿਚ ਭਾਰੀ ਉਤਸ਼ਾਹ ਹੈ। ਇਸ ਨਾਲ ਸਰਕਾਰ ਦਾ ਵਿਸ਼ਵਾਸ ਵਧਿਆ ਹੈ ਕਿ ਇਸ ਜਨਤਕ ਖੇਤਰ ਦੀ ਬੀਮਾ ਕੰਪਨੀ ਦੇ ਆਈ. ਪੀ. .ਓ ਦਾ ਆਕਾਰ ਜ਼ਿਆਦਾ ਰੱਖਣਾ ਸਹੀ ਹੋਵੇਗਾ। ਐੱਲ. ਆਈ. ਸੀ. ਦਾ ਆਈ. ਪੀ. ਓ. ਦੇਸ਼ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਇਸ਼ੂ ਹੋਣ ਦੀ ਉਮੀਦ ਹੈ।
ਅਧਿਕਾਰੀ ਨੇ ਕਿਹਾ ਕਿ ਨਿਵੇਸ਼ਕ ਦੇਸ਼ ਦੇ ਸਭ ਤੋਂ ਵੱਡੇ ਬੀਮਾਕਰਤਾ ਦੇ ਅੰਦਰੂਨੀ ਮੁੱਲ ਅਤੇ ਇਸ ਦੇ ਨਵੇਂ ਕਾਰੋਬਾਰ ਦੇ ਮੁੱਲ ਨੂੰ ਜਾਣਨਾ ਚਾਹੁੰਦੇ ਹਨ ਪਰ ਅਜੇ ਤੱਕ ਇਹ ਤੈਅ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਨਿਵੇਸ਼ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਨਿਵੇਸ਼ਕ ਕੰਪਨੀ ਨਾਲ ਜੁੜੇ ਕੁਝ ਹੋਰ ਡਾਟਾ ਵੀ ਜਾਣਨਾ ਚਾਹੁੰਦੇ ਹਨ ਪਰ ਫਿਲਹਾਲ ਅਜਿਹਾ ਡਾਟਾ ਸਰਕਾਰ ਕੋਲ ਉਪਲਬਧ ਨਹੀਂ ਹੈ।” ਐੱਲ. ਆਈ. ਸੀ. ਦਾ ਆਈ. ਪੀ. ਓ. ਤਕਰੀਬਨ 1 ਲੱਖ ਕਰੋੜ ਰੁਪਏ ਦਾ ਹੋ ਸਕਦਾ ਹੈ। ਸਰਕਾਰ ਨਿਵੇਸ਼ਕਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਨਿਵੇਸ਼ ਦਾ ਫ਼ੈਸਲਾ ਹੋ ਸਕੇ। ਇਸ ਨਾਲ ਐੱਲ. ਆਈ. ਸੀ. ਦੇ ਆਈ. ਪੀ. ਓ. ਨੂੰ ਪੂਰੀ ਬੋਲੀ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ।