ਲਕਸ਼ਮੀ ਵਿਲਾਸ ਬੈਂਕ ਦੇ ਗਾਹਕਾਂ ਨੂੰ ਮਿਲਣਗੀਆਂ ਸਾਰੀਆਂ ਸੇਵਾਵਾਂ, ਫਿਲਹਾਲ ਵਿਆਜ਼ ਦਰਾਂ ''ਚ ਬਦਲਾਅ ਨਹੀਂ :DBS
Tuesday, Dec 01, 2020 - 04:58 PM (IST)
ਨਵੀਂ ਦਿੱਲੀ (ਭਾਸ਼ਾ) : ਡੀ. ਬੀ. ਐੱਸ. ਬੈਂਕ ਇੰਡੀਆ ਨੇ ਕਿਹਾ ਕਿ ਲਕਸ਼ਮੀ ਵਿਲਾਸ ਬੈਂਕ (ਐੱਲ. ਵੀ. ਬੀ.) ਦੇ ਗਾਹਕਾਂ ਨੂੰ ਸਾਰੀਆਂ ਸੇਵਾਵਾਂ ਉਪਲੱਬਧ ਹੋਣਗੀਆਂ। ਸੰਕਟ 'ਚ ਫਸੇ ਲਕਸ਼ਮੀ ਵਿਲਾਸ ਬੈਂਕ ਦਾ ਡੀ. ਬੀ. ਐੱਸ. ਬੈਂਕ ਇੰਡੀਆ 'ਚ ਰਲੇਂਵਾਂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡੀ. ਬੀ. ਐੱਸ. ਬੈਂਕ ਇੰਡੀਆ ਨੇ ਕਿਹਾ ਕਿ ਲਕਸ਼ਮੀ ਵਿਲਾਸ ਬੈਂਕ ਦੇ ਗਾਹਕਾਂ ਲਈ ਫਿਲਹਾਲ ਬਚਤ ਖਾਤੇ ਅਤੇ ਐੱਫ. ਡੀ. 'ਤੇ ਵਿਆਜ਼ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਡੀ. ਬੀ. ਐੱਸ. ਬੈਂਕ ਇੰਡੀਆ ਨੇ ਕਿਹਾ ਕਿ ਲਕਸ਼ਮੀ ਵਿਲਾਸ ਬੈਂਕ ਦਾ ਡੀ. ਬੀ. ਐੱਸ. ਗਰੁੱਪ ਹੋਲਡਿੰਗਸ ਲਿਮ. ਦੀ ਪੂਰੀ ਮਲਕੀਅਤ ਵਾਲੀ ਸਹਾਇਕ ਡੀ. ਬੀ. ਐੱਸ. ਬੈਂਕ ਇੰਡੀਆ 'ਚ ਰਲੇਂਵਾ ਹੋ ਗਿਆ ਹੈ।
ਡੀ. ਬੀ. ਐੱਸ. ਬੈਂਕ ਇੰਡੀਆ ਨੇ ਕਿਹਾ ਕਿ ਲਕਸ਼ਮੀ ਵਿਲਾਸ ਬੈਂਕ ਦੇ ਗਾਹਕਾਂ ਨੂੰ ਸਾਰੀਆਂ ਬੈਂਕਿੰਗ ਸੇਵਾਵਾਂ ਜਾਰੀ ਰਹਿਣਗੀਆਂ। ਉਨ੍ਹਾਂ ਨੂੰ ਅਗਲੇ ਨੋਟਿਸ ਤੱਕ ਬੱਚਤ ਖਾਤਿਆਂ ਅਤੇ ਐੱਫ. ਡੀ. 'ਤੇ ਓਹੀ ਵਿਆਜ਼ ਮਿਲੇਗਾ ਜੋ ਪਹਿਲਾਂ ਲਕਸ਼ਮੀ ਵਿਲਾਸ ਬੈਂਕ ਵਲੋਂ ਦਿੱਤਾ ਜਾ ਰਿਹਾ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਲਕਸ਼ਮੀ ਵਿਲਾਸ ਬੈਂਕ ਦੇ ਸਾਰੇ ਕਰਮਚਾਰੀ ਹੁਣ ਡੀ. ਬੀ. ਐੱਸ. ਬੈਂਕ ਇੰਡੀਆ ਦੇ ਕਰਮਚਾਰੀ ਹੋਣਗੇ। ਉਨ੍ਹਾਂ ਲਈ ਸੇਵਾ ਸ਼ਰਤਾਂ ਓਹੀ ਰਹਿਣਗੀਆਂ ਜੋ ਲਕਸ਼ਮੀ ਵਿਲਾਸ ਬੈਂਕ 'ਚ ਲਾਗੂ ਸਨ।
ਡੀ. ਬੀ. ਐੱਸ. ਬੈਂਕ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਰਜੀਤ ਸ਼ੋਮ ਨੇ ਕਿਹਾ ਕਿ ਐੱਲ. ਵੀ. ਬੀ. ਦੇ ਰਲੇਵੇਂ ਨਾਲ ਉਸ ਦੇ ਗਾਹਕਾਂ ਅਤੇ ਕਰਮਚਾਰੀਆਂ ਨੂੰ ਸਥਿਰਤਾ ਮਿਲੇਗੀ। ਇਸ ਨਾਲ ਸਾਡੇ ਗਾਹਕਾਂ ਦੀ ਗਿਣਤੀ ਵਧੇਗੀ। ਨਾਲ ਹੀ ਉਨ੍ਹਾਂ ਸ਼ਹਿਰਾਂ 'ਚ ਵੀ ਸਾਨੂੰ ਪਹੁੰਚ ਉਪਲਬਧ ਹੋਵੇਗੀ, ਜਿਥੇ ਹਾਲੇ ਸਾਡੀ ਮੌਜੂਦਗੀ ਨਹੀਂ ਹੈ।