ਕੋਟਕ ਮਹਿੰਦਰਾ ਬੈਂਕ ਨੇ ਬਚਤ ਖਾਤੇ 'ਤੇ ਵਿਆਜ ਦਰ 0.50 ਫੀਸਦੀ ਘਟਾਈ
Tuesday, May 26, 2020 - 11:47 AM (IST)
ਮੁੰਬਈ— ਕੋਰੋਨਾ ਵਾਇਰਸ ਮਹਾਂਮਾਰੀ ਵਿਚਕਾਰ ਨਿੱਜੀ ਖੇਤਰ ਦੇ ਕੋਟਕ ਮਹਿੰਦਰਾ ਬੈਂਕ (ਕੇ. ਐੱਮ. ਬੀ.) ਨੇ ਬਚਤ ਖਾਤੇ 'ਤੇ ਵਿਆਜ ਦਰ 'ਚ 0.50 ਫੀਸਦੀ ਦੀ ਹੋਰ ਕਟੌਤੀ ਕਰ ਦਿੱਤੀ ਹੈ।
ਹੁਣ ਰੋਜ਼ਾਨਾ 1 ਲੱਖ ਰੁਪਏ ਤੋਂ ਉਪਰ ਬੈਲੰਸ ਵਾਲੇ ਬਚਤ ਖਾਤੇ 'ਤੇ 4.50 ਫੀਸਦੀ ਦੀ ਬਜਾਏ 4 ਫੀਸਦੀ ਵਿਆਜ ਮਿਲੇਗਾ। ਉੱਥੇ ਹੀ, ਇਸ ਤੋਂ ਘੱਟ ਬੈਲੰਸ ਵਾਲੇ ਬਚਤ ਖਾਤੇ 'ਤੇ 3.50 ਫੀਸਦੀ ਦਰ ਨਾਲ ਵਿਆਜ ਦਿੱਤਾ ਜਾਵੇਗਾ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਇਕਨੋਮੀ ਨੂੰ ਬੂਸਟ ਦੇਣ ਲਈ ਲੋਨ ਦਰਾਂ ਘਟਾਉਣ ਦੇ ਬਾਵਜੂਦ ਕਰਜ਼ੇ ਦੀ ਮੰਗ ਘੱਟ ਹੋਣ ਕਾਰਨ ਸਿਸਟਮ 'ਚ ਡਿਪਾਜ਼ਿਟ ਦਰਾਂ 'ਚ ਕਮੀ ਆ ਰਹੀ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਜੋ ਕਿ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ, ਉਹ ਵੀ ਇਸ ਸਮੇਂ ਬਚਤ ਖਾਤੇ 'ਤੇ ਘੱਟੋ-ਘੱਟ 2.75 ਫੀਸਦੀ ਵਿਆਜ ਦੇ ਰਿਹਾ ਹੈ। ਯੈੱਸ ਬੈਂਕ ਨੇ ਵੀ ਸੰਕੇਤ ਦਿੱਤਾ ਹੈ ਕਿ ਉਹ ਵੀ ਵਿਆਜ ਦਰ ਘਟਾਉਣ ਦਾ ਵਿਚਾਰ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਕੋਟਕ ਮਹਿੰਦਰਾ ਬੈਂਕ ਵੀ ਯੈੱਸ ਬੈਂਕ, ਇੰਡਸਇੰਡ ਬੈਂਕ ਅਤੇ ਡੀ. ਬੀ. ਐੱਸ. 'ਚੋਂ ਇਕ ਰਿਹਾ ਹੈ, ਜੋ ਪਿਛਲੇ ਕਈ ਸਾਲਾਂ ਤੋਂ ਬਚਤ ਖਾਤਾਧਾਰਕਾਂ ਨੂੰ 7 ਫੀਸਦੀ ਤੱਕ ਸਭ ਤੋਂ ਉੱਚਾ ਵਿਆਜ ਦੇ ਰਹੇ ਸਨ।