ਜਾਣੋ ਸੋਨੇ-ਚਾਂਦੀ ਦੇ ਅੱਜ ਦੇ ਰੇਟ, ਕੀਮਤਾਂ ''ਚ ਆਈ ਗਿਰਾਵਟ

Wednesday, Nov 01, 2017 - 03:19 PM (IST)

ਨਵੀਂ ਦਿੱਲੀ— ਸਥਾਨਕ ਬਾਜ਼ਾਰ 'ਚ ਗਹਿਣਾ ਮੰਗ ਦੀ ਸੁਸਤੀ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 105 ਰੁਪਏ ਸਸਤਾ ਹੋ ਕੇ 30,275 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਹਾਲਾਂਕਿ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੇ ਰੇਟ ਚੜ੍ਹੇ ਹਨ ਪਰ ਘਰੇਲੂ ਬਾਜ਼ਾਰ 'ਚ ਮੰਗ ਘਟਣ ਨਾਲ ਇੱਥੇ ਸੋਨੇ ਦੀ ਚਮਕ ਫਿੱਕੀ ਪੈ ਗਈ। ਦੂਜੇ ਪਾਸੇ ਸਿੱਕਾ ਨਿਰਮਾਤਾਵਾਂ ਦੀ ਮੰਗ 'ਚ ਆਈ ਕਮੀ ਨਾਲ ਚਾਂਦੀ ਵੀ 250 ਰੁਪਏ ਘੱਟ ਕੇ 40,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ। 
ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਰ 6.75 ਡਾਲਰ ਦੀ ਤੇਜ਼ੀ ਨਾਲ 1,276.45 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਚਾਂਦੀ 'ਚ 0.25 ਡਾਲਰ ਦੀ ਤੇਜ਼ੀ ਰਹੀ ਅਤੇ ਇਹ 16.92 ਡਾਲਰ ਪ੍ਰਤੀ ਔਂਸ 'ਤੇ ਵਿਕੀ। 
ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਦੁਨੀਆਂ ਦੀਆਂ ਹੋਰ ਪ੍ਰਮੁੱਖ ਕੰਰਸੀਆਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਹੋਣ ਨਾਲ ਕੌਮਾਂਤਰੀ ਪੱਧਰ 'ਤੇ ਸੋਨੇ ਨੂੰ ਸਮਰਥਨ ਮਿਲਿਆ ਹੈ। ਉੱਥੇ ਹੀ, ਮੰਗਲਵਾਰ ਨੂੰ ਅਮਰੀਕਾ ਦੇ ਨਿਊਯਾਰਕ 'ਚ ਹੋਏ ਅੱਤਵਾਦੀ ਹਮਲੇ ਨੇ ਸੰਸਾਰਕ ਮੰਚ 'ਤੇ ਇਕ ਵਾਰ ਫਿਰ ਹਲਚਲ ਮਚਾ ਦਿੱਤੀ ਹੈ। ਅਸਥਿਰਤਾ ਦੀ ਹਾਲਤ 'ਚ ਨਿਵੇਸ਼ਕ ਸੁਰੱਖਿਅਤ ਨਿਵੇਸ਼ ਪ੍ਰਤੀ ਆਕਰਸ਼ਤ ਹੁੰਦੇ ਹਨ, ਜਿਸ ਨਾਲ ਸੋਨੇ ਦੀ ਮੰਗ ਵਧ ਗਈ ਹੈ। ਅਗਾਮੀ ਦਸੰਬਰ 'ਚ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਏ ਜਾਣ ਦੀ ਸੰਭਾਵਨਾ ਦੇ ਜ਼ਿਆਦਾ ਜ਼ੋਰ ਫੜਨ ਨਾਲ ਹਾਲਾਂਕਿ ਸੋਨੇ ਦੀ ਚਮਕ ਜ਼ਿਆਦਾ ਤੇਜ਼ ਨਹੀਂ ਹੋ ਸਕੀ ਹੈ। ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਫੈਡਰਲ ਰਿਜ਼ਰਵ ਦੇ ਨਵੇਂ ਮੁਖੀ ਦਾ ਐਲਾਨ ਕਰ ਸਕਦੇ ਹਨ, ਜਿਸ ਦਾ ਅਸਰ ਸੋਨੇ ਦੇ ਨਾਲ-ਨਾਲ ਬਾਜ਼ਾਰ 'ਤੇ ਦੇਖਣ ਨੂੰ ਮਿਲੇਗਾ।


Related News