ਸੋਨਾ ਖਰੀਦਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਸਸਤੇ ਦੇ ਚੱਕਰ ਕਿਤੇ ਹੋ ਨਾ ਜਾਏ ਭਾਰੀ ਨੁਕਸਾਨ

Tuesday, Oct 15, 2019 - 10:08 AM (IST)

ਸੋਨਾ ਖਰੀਦਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਸਸਤੇ ਦੇ ਚੱਕਰ ਕਿਤੇ ਹੋ ਨਾ ਜਾਏ ਭਾਰੀ ਨੁਕਸਾਨ

ਨਵੀਂ ਦਿੱਲੀ — ਤਿਉਹਾਰੀ ਮੌਸਮ ਸ਼ੁਰੂ ਹੁੰਦੇ ਹੀ ਸੋਨੇ ਦੀ ਮੰਗ ਨੇ ਜ਼ੋਰ ਫੜਣਾ ਸ਼ੁਰੂ ਕਰ ਦਿੱਤਾ ਹੈ। ਸੋਨਾ ਖਰੀਦਣ ਦਾ ਚਾਅ, ਬਜ਼ਾਰ 'ਚ ਲਗਾਤਾਰ ਜਾਰੀ ਕੀਮਤਾਂ ਦਾ ਉਤਰਾਅ-ਚੜ੍ਹਾਅ ਅਤੇ ਛੋਟ ਜਾਂ ਪੇਸ਼ਕਸ਼ ਦੇ ਲਾਲਚ 'ਚ ਆ ਕੇ ਗਾਹਕ ਸੋਨੇ ਦੀ ਖਰੀਦਦਾਰੀ ਕਰਦੇ ਸਮੇਂ ਧੋਖਾ ਖਾ ਜਾਂਦੇ ਹਨ। ਆਮ ਲੋਕਾਂ 'ਚ ਸੋਨੇ ਦੀ ਸ਼ੁੱਧਤਾ ਨੂੰ ਲੈ ਕੇ ਜਾਣਕਾਰੀ ਦੀ ਘਾਟ ਅਤੇ ਸਸਤੀਆਂ ਕੀਮਤਾਂ ਦਾ ਲਾਲਚ ਦੇ ਕੇ ਲੋਕਾਂ ਨੇ ਠੱਗੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਬਜ਼ਾਰ 'ਚ ਅੱਜਕੱਲ੍ਹ ਸਸਤਾ ਸੋਨਾ ਆਮ ਵਿਕ ਰਿਹਾ ਹੈ। ਗਾਹਕ ਵੀ ਬਿਨਾਂ ਸੋਚੇ-ਸਮਝੇ ਇਨ੍ਹਾਂ ਨੂੰ ਖਰੀਦ ਰਹੇ ਹਨ। ਉਹ ਇਸ ਗੱਲ ਨੂੰ ਸਮਝ ਨਹੀਂ ਰਹੇ ਹਨ ਕਿ ਅਖੀਰ ਸੋਨੇ ਦੀ ਕੀਮਤ ਅਸਮਾਨ ’ਤੇ ਹੋਣ ਦੇ ਬਾਵਜੂਦ ਗਹਿਣੇ ਇੰਨੇ ਸਸਤੇ ਕਿਵੇਂ ਮਿਲ ਰਹੇ ਹਨ। ਇਹ ਗੱਲ ਵੱਖ ਹੈ ਕਿ ਕੁੱਝ ਦੁਕਾਨਦਾਰਾਂ ਕੋਲ ਪੁਰਾਣਾ ਸਟਾਕ ਹੋ ਸਕਦਾ ਹੈ ਪਰ ਇਸ ਦੀ ਆੜ ’ਚ ਅੱਜ-ਕੱਲ ਸੋਨੇ ਦੀ ਠੱਗੀ ਦਾ ਕਾਰੋਬਾਰ ਵੀ ਸ਼ੁਰੂ ਹੋ ਗਿਆ ਹੈ। 

ਵਿਦੇਸ਼ਾਂ ਤੋਂ ਆਉਂਦਾ ਹੈ ਪਾਊਡਰ

ਖਬਰਾਂ ਮੁਤਾਬਕ ਦਿੱਲੀ ਦੇ ਕੁਝ ਸੁਨਿਆਰੇ ਸੋਨੇ 'ਚ ਖਾਸ ਕਿਸਮ ਦਾ ਪਾਊਡਰ ਮਿਲਾ ਕੇ ਵੇਚ ਰਹੇ ਹਨ। ਇਸ ਨਾਲ ਸੋਨੇ ਦੀ ਕੀਮਤ ਕਾਫੀ ਘੱਟ ਹੋ ਜਾਂਦੀ ਹੈ ਅਤੇ ਸਿੱਧੇ-ਸਾਦੇ ਲੋਕ ਸਸਤੇ ਦੇ ਲਾਲਚ 'ਚ ਆ ਕੇ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਖਾਸ ਕਿਸਮ ਦਾ ਇਹ ਪਾਊਡਰ ਸੋਨੇ 'ਚ ਇਸ ਤਰ੍ਹਾਂ ਨਾਲ ਮਿਲਾਇਆ ਜਾਂਦਾ ਹੈ ਕਿ ਜਾਂਚ 'ਚ ਜਲਦੀ ਇਸ ਦਾ ਪਤਾ ਲਗਾਉਣਾ ਕਾਫੀ ਮੁਸ਼ਕਲ ਹੁੰਦਾ ਹੈ। ਇਹ ਪਾਊਡਰ ਸੀਮੈਂਟ ਵਰਗਾ ਹੁੰਦਾ ਹੈ ਜਿਹੜਾ ਵਿਦੇਸ਼ੀ ਬਜ਼ਾਰਾਂ 'ਚੋਂ ਭਾਰਤ ਆ ਰਿਹਾ ਹੈ। 

ਜਾਂਚ ਦੁਆਰਾ ਪਤਾ ਲਗਾਉਣਾ ਮੁਸ਼ਕਲ

ਸੋਨੇ ਦੇ ਗਹਿਣਿਆਂ 'ਚ ਪਾਊਡਰ ਦੀ ਮੌਜੂਦਗੀ ਦਾ ਪਤਾ ਲਗਾਉਣਾ ਮੁਸ਼ਕਲ ਹੈ। ਇਸ ਲਈ ਜੇਕਰ ਸ਼ੱਕ ਹੋਣ 'ਤੇ ਜੇਕਰ ਜਾਂਚ ਕਰਵਾਉਣੀ ਵੀ ਹੋਵੇ ਤਾਂ ਗਹਿਣੇ ਨੂੰ ਪਿਘਲਾਣਾ ਪੈਂਦਾ ਹੈ। ਇਸ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਡਿਸਕਾਊਂਟ ਜਾਂ ਲੱਕੀ ਡਰਾਅ ਦੇ ਲਾਲਚ 'ਚ ਨਾ ਪੈ ਕੇ ਪੂਰੀ ਰਸੀਦ ਅਤੇ ਹਾਲਮਾਰਕ ਵਾਲੇ ਗਹਿਣੇ ਹੀ ਲਏ ਜਾਣ। ਮਾਹਰ ਦੱਸਦੇ ਹਨ ਕਿ ਸਿਰਫ ਸੋਨੇ ਦੀ ਚੈਨ ਹੀ ਨਹੀਂ ਹੋਰ ਬਾਕੀ ਦੇ ਗਹਿਣਿਆਂ 'ਚ ਵੀ ਇਸ ਪਾਊਡਰ ਨੂੰ ਮਿਲਾਇਆ ਜਾ ਰਿਹਾ ਹੈ।

ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

- ਹਾਲਮਾਰਕ ਵਾਲੇ ਗਹਿਣੇ ਹੀ ਖਰੀਦੋ 

ਹਮੇਸ਼ਾ ਹਾਲਮਾਰਕ ਵਾਲੇ ਗਹਿਣੇ ਹੀ ਖਰੀਦੋ। ਹਾਲਮਾਰਕ ਵਾਲੇ ਗਹਿਣੇ ਇਸ ਗੱਲ ਦੀ ਗਾਰੰਟੀ ਹੈ ਕਿ ਗਹਿਣੇ ਸ਼ੁੱਧ ਹਨ ਕਿਉਂਕਿ ਇਹ ਨਿਸ਼ਾਨ ਭਾਰਤੀ ਸਟੈਂਡਰਡ ਬਿਊਰੋ ਵਲੋਂ ਦਿੱਤਾ ਜਾਂਦਾ ਹੈ। ਜੇਕਰ ਹਾਲਮਾਰਕ ਵਾਲੇ ਗਹਿਣੇ ’ਤੇ 999 ਲਿਖਿਆ ਹੈ ਤਾਂ ਸੋਨਾ 99.9 ਫ਼ੀਸਦੀ ਸ਼ੁੱਧ ਹੈ। ਜੇਕਰ ਹਾਲਮਾਰਕ ਨਾਲ 916 ਦਾ ਅੰਕ ਲਿਖਿਆ ਹੋਇਆ ਹੈ ਤਾਂ ਉਹ ਗਹਿਣਾ 22 ਕੈਰੇਟ ਦਾ ਹੈ ਅਤੇ 91.6 ਫ਼ੀਸਦੀ ਸ਼ੁੱਧ ਹੈ।

- ਬਿੱਲ ਦੀ ਪੱਕੀ ਰਸੀਦ ਜ਼ਰੂਰ ਲਵੋ

ਸਿੱਕਾ ਜਾਂ ਗਹਿਣੇ ਖਰੀਦਦੇ ਸਮੇਂ ਕੱਚੀ ਪਰਚੀ ਲੈ ਕੇ ਕੁਝ ਪੈਸਾ ਬਚਾਉਣ ਦਾ ਰਿਵਾਜ਼ ਹੈ। ਦੁਕਾਨਦਾਰ ਇਸ ਦਾ ਲਾਭ ਗਾਹਕ ਨੂੰ ਨਾ ਦੇ ਕੇ ਖੁਦ ਲੈ ਲੈਂਦਾ ਹੈ। ਇਸ ਤਰ੍ਹਾਂ ਨਾਲ ਨਕਲੀ ਗਹਿਣਾ ਵੇਚ ਕੇ ਵਾਧੂ ਲਾਭ ਕਮਾਉਂਦਾ ਹੈ। ਇਸ ਲਈ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਦੁਕਾਨਦਾਰ ਆਪਣੀ ਹੀ ਪਰਚੀ ਦੀ ਪਛਾਣ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਇਸ ਲਈ ਪੱਕਾ ਬਿੱਲ ਜ਼ਰੂਰ ਲਵੋ।

- ਸ਼ੁੱਧਤਾ ਦਾ ਸਰਟੀਫਿਕੇਟ ਲੈਣਾ ਨਾ ਭੁੱਲੋ

ਸੋਨੇ ਦੇ ਗਹਿਣੇ ਖੀਰਦਦੇ ਸਮੇਂ ਸਰਟੀਫਿਕੇਟ ਲੈਣਾ ਨਾ ਭੁੱਲੋ। ਸਰਟੀਫਿਕੇਟ 'ਚ ਸੋਨੇ ਦੇ ਕੈਰਟ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ। ਇਸ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਤੁਹਾਡੇ ਗਹਿਣੇ 'ਚ ਕਿੰਨਾ ਸੋਨਾ ਹੈ ਅਤੇ ਇਸ ਨੂੰ ਬਣਾਉਣ ਲਈ ਕਿੰਨੇ ਫੀਸਦੀ ਹੋਰ ਧਾਤੂ ਨੂੰ ਮਿਲਾਇਆ ਗਿਆ ਹੈ। ਸੋਨੇ ਦੀ ਜਿਊਲਰੀ ਕਦੇ ਵੀ 24 ਕੈਰੇਟ ਗੋਲਡ ਨਾਲ ਨਹੀਂ ਬਣਦੀ ਹੈ। ਇਹ 22 ਕੈਰੇਟ ’ਚ ਬਣਦੀ ਹੈ ਅਤੇ ਹਮੇਸ਼ਾ 24 ਕੈਰੇਟ ਗੋਲਡ ਨਾਲੋਂ ਸਸਤੀ ਹੁੰਦੀ ਹੈ, ਇਸ ਲਈ ਜਦੋਂ ਵੀ ਸੋਨੇ ਦੀ ਜਿਊਲਰੀ ਖਰੀਦੋ ਤਾਂ ਇਹ ਧਿਆਨ ਰੱਖੋ ਕਿ ਜੌਹਰੀ ਤੁਹਾਥੋਂ 22 ਕੈਰੇਟ ਦੇ ਹਿਸਾਬ ਨਾਲ ਪੈਸਾ ਲੈ ਰਿਹਾ ਹੈ। ਜੌਹਰੀ ਵਲੋਂ ਸੋਨੇ ਦੀ ਸ਼ੁੱਧਤਾ ਅਤੇ ਕੀਮਤ ਨੂੰ ਬਿੱਲ ’ਤੇ ਜ਼ਰੂਰ ਲਿਖਵਾਓ। ਸ਼ੁੱਧਤਾ ਸਰਟੀਫਿਕੇਟ ਲੈਣਾ ਨਾ ਭੁੱਲੋ : ਗੋਲਡ ਜਿਊਲਰੀ ਖਰੀਦਦਿਆਂ ਤੁਸੀਂ ਸਰਟੀਫਿਕੇਟ ਲੈਣਾ ਨਾ ਭੁੱਲੋ। ਸਰਟੀਫਿਕੇਟ ’ਚ ਗੋਲਡ ਦੀ ਕੈਰੇਟ ਕਵਾਲਿਟੀ ਵੀ ਜ਼ਰੂਰ ਚੈੱਕ ਕਰ ਲਵੋ।           


Related News