ਸੋਨੇ ’ਚ ਨਿਵੇਸ਼ ਕਾਇਮ ਰੱਖੋ, ਸਵਾ ਲੱਖ ਰੁਪਏ ਤੱਕ ਜਾ ਸਕਦੀ ਹੈ ਕੀਮਤ

Tuesday, Jun 01, 2021 - 12:01 PM (IST)

ਸੋਨੇ ’ਚ ਨਿਵੇਸ਼ ਕਾਇਮ ਰੱਖੋ, ਸਵਾ ਲੱਖ ਰੁਪਏ ਤੱਕ ਜਾ ਸਕਦੀ ਹੈ ਕੀਮਤ

ਜਲੰਧਰ(ਨਰੇਸ਼ ਅਰੋੜਾ) – ਸਦੀਆਂ ਤੋਂ ਭਰੋਸੇਮੰਦ ਨਿਵੇਸ਼ ਦਾ ਪ੍ਰਤੀਕ ਰਿਹਾ ਸੋਨਾ ਇਕ ਵਾਰ ਮੁੜ ਚਰਚਾ ’ਚ ਹੈ। ਸਾਲ ਦੀ ਪਹਿਲੀ ਤਿਮਾਹੀ ’ਚ ਨਿਵੇਸ਼ਕਾਂ ਨੂੰ ਨੈਗੇਟਿਵ ਰਿਟਰਨ ਦੇਣ ਵਾਲੀ ਪੀਲੀ ਧਾਤੂ ਪਿਛਲੇ ਦੋ ਮਹੀਨੇ ਤੋਂ ਲਗਾਤਾਰ ਚਮਕ ਰਹੀ ਹੈ। ਕੌਮਾਂਤਰੀ ਬਾਜ਼ਾਰ ’ਚ ਜਿੱਥੇ ਇਸ ਦੀਆਂ ਕੀਮਤਾਂ ਇਕ ਵਾਰ ਮੁੜ 1900 ਡਾਲਰ ਪ੍ਰਤੀ ਓਂਸ ਤੋਂ ਪਾਰ ਪਹੁੰਚ ਗਈਆਂ ਹਨ ਉਥੇ ਹੀ ਘਰੇਲੂ ਬਾਜ਼ਾਰ ’ਚ ਵੀ ਸੋਨਾ 50 ਹਜ਼ਾਰ ਰੁਪਏ ਤੋਂ ਪਾਰ ਪਹੁੰਚ ਗਿਆ ਹੈ। ਅਜਿਹੇ ’ਚ ਨਿਵੇਸ਼ਕਾਂ ਨੂੰ ਆਪਣੇ ਪੋਰਟਫੋਲੀਓ ’ਚ ਮੌਜੂਦ ਸੋਨੇ ਦੇ ਨਿਵੇਸ਼ ’ਚ ਬਣੇ ਰਹਿਣਾ ਚਾਹੀਦਾ ਹੈ ਕਿਉਂਕਿ ਕੌਮਾਂਤਰੀ ਹਾਲਾਤ ਇਸ ਦੀਆਂ ਕੀਮਤਾਂ ’ਚ ਹੋਰ ਜ਼ਿਆਦਾ ਤੇਜ਼ੀ ਦੇ ਸੰਕੇਤ ਦੇ ਰਹੇ ਹਨ। ਪਿਛਲੇ ਸਾਲ ਅਗਸਤ ਮਹੀਨੇ ’ਚ ਸੋਨੇ ਦੀ ਉੱਚ ਕੀਮਤ 58 ਹਜ਼ਾਰ ਰੁਪਏ ਪ੍ਰਤੀ ਤੋਲਾ ਤੱਕ ਪਹੁੰਚ ਗਈ ਸੀ ਜਦੋਂ ਕਿ ਅਮਰੀਕਾ ’ਚ ਇਸ ਨੇ 2081 ਡਾਲਰ ਪ੍ਰਤੀ ਓਂਸ ਦਾ ਉੱਚ ਪੱਧਰ ਛੂਹਿਆ ਸੀ ਅਤੇ ਹੁਣ ਵਿਸ਼ਲੇਸ਼ਕਾਂ ਦੀਆਂ ਨਜ਼ਰਾਂ ਇਸੇ ਪੁਰਾਣੇ ਪੱਧਰ ’ਤੇ ਲੱਗੀਆਂ ਹਨ।

ਸਵਾ ਲੱਖ ਤੱਕ ਜਾ ਸਕਦੈ ਸੋਨਾ ਦਾ ਰੇਟ

ਯੂਰਪੀ ਦੇਸ਼ ਲੈਕਟੇਂਸਟੀਨ ਇਨਵੈਸਟਮੈਂਟ ਕੰਪਨੀ ਵਾਧੇ ਦੀ ਸਾਲਾਨਾ ਰਿਪੋਰਟ ’ਚ ਇਸ ਸਾਲ ਦੇ ਅਖੀਰ ਤੱਕ ਸੋਨੇ ਦੀਆਂ ਕੀਮਤਾਂ 2100 ਡਾਲਰ ਤੋਂ ਪਾਰ ਜਾਣ ਦਾ ਅਨੁਮਾਨ ਜਤਾਇਆ ਗਿਆ ਹੈ। 11 ਪੰਨਿਆਂ ਦੀ ਇਸ ਰਿਪੋਰਟ ’ਚ ਇਸ ਦਹਾਕੇ ਦੇ ਅਖੀਰ ਤੱਕ ਸੋਨੇ ਦੀ ਕੀਮਤ 4800 ਡਾਲਰ ਤੋਂ ਪਾਰ ਜਾਣ ਦੀ ਗੱਲ ਕਹੀ ਗਈ ਹੈ। ਜੇ ਇਸ ਰਿਪੋਰਟ ਮੁਤਾਬਕ ਸੋਨੇ ਦਾ ਰੇਟ ਵਧਦਾ ਹੈ ਤਾਂ ਭਾਰਤ ’ਚ ਦਹਾਕੇ ਦੇ ਅਖੀਰ ਤੱਕ ਸੋਨੇ ਦੀ ਕੀਮਤ ਸਵਾ ਲੱਖ ਰੁਪਏ ਪ੍ਰਤੀ ਤੋਲਾ ਤੱਕ ਪਹੁੰਚ ਸਕਦੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਭਾਰੀ ਗਿਰਾਵਟ ਕਾਰਨ ਅਗਸਤ ਮਹੀਨੇ ’ਚ ਸੋਨੇ ਨੇ ਆਪਣੇ ਉੱਚ ਪੱਧਰ ਛੂਹਿਆ ਸੀ ਅਤੇ ਉਸ ਤੋਂ ਬਾਅਦ ਇਸ ਦੀਆਂ ਕੀਮਤਾਂ ਨੇ ਕੰਸੋਲੀਡੇਸ਼ਨ ਦਾ ਆਪਣਾ ਦੌਰ ਪੂਰਾ ਕਰ ਲਿਆ ਹੈ ਅਤੇ ਸੋਨੇ ਦੀਆਂ ਕੀਮਤਾਂ ਇਕ ਵਾਰ ਮੁੜ ਤੇਜ਼ ਹੋਣਗੀਆਂ ਅਤੇ ਇੱਥੋਂ ਇਕ ਨਵੀਂ ਉਚਾਈ ਦੇਖਣ ਨੂੰ ਮਿਲ ਸਕਦੀ ਹੈ।

ਕਿਉਂ ਵਧ ਰਹੀ ਹੈ ਸੋਨੇ ਦੀ ਕੀਮਤ

* ਅਮਰੀਕਾ ’ਚ 10 ਸਾਲ ਦੇ ਬਾਂਡ ’ਚ ਕੀਤੇ ਜਾਣ ਵਾਲੇ ਨਿਵੇਸ਼ ’ਚ ਯੀਲਡ ਘੱਟ ਹੋਣ ਨਾਲ ਨਿਵੇਸ਼ਕਾਂ ਦਾ ਰੁਝਾਨ ਸੋਨੇ ਵੱਲ ਵਧ ਰਿਹਾ ਹੈ। ਸੋਨੇ ’ਚ ਨਿਵੇਸ਼ ਨਾਲ ਇਸ ਦੀ ਮੰਗ ’ਚ ਤੇਜ਼ੀ ਆਈ ਹੈ।

* ਅਮਰੀਕਾ ਦੇ ਡਾਲਰ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ ਅਤੇ ਡਾਲਰ ’ਚ ਰਿਟਰਨ ਘੱਟ ਹੋਣ ਨਾਲ ਨਿਵੇਸ਼ਕ ਡਾਲਰ ਦੀ ਥਾਂ ਸੋਨੇ ਵੱਲ ਜਾ ਰਿਹਾ ਹੈ।

* ਕ੍ਰਿਪਟੋ ਕਰੰਸੀ ਬਾਜ਼ਾਰ ’ਚ ਪਿਛਲੇ ਦੋ ਮਹੀਨਿਆਂ ਤੋਂ ਅਸਥਿਰਤਾ ਵਾਲਾ ਮਾਹੌਲ ਹੈ ਅਤੇ ਬਿਟਕੁਆਈਨ ਆਪਣੇ ਉੱਚ ਪੱਧਰ ਤੋਂ ਕਰੀਬ 50 ਫੀਸਦੀ ਤੱਕ ਡਿੱਗ ਗਿਆ ਸੀ। ਲਿਹਾਜਾ ਕ੍ਰਿਪਟੋ ਕਰੰਸੀ ਬਾਜ਼ਾਰ ਦਾ ਪੈਸਾ ਵੀ ਸੋਨੇ ’ਚ ਨਿਵੇਸ਼ ਹੋ ਰਿਹਾ ਹੈ।

* ਦੁਨੀਆ ਭਰ ’ਚ ਕਮੋਡਿਟੀ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਮਹਿੰਗਾਈ ਵਧਣ ਨਾਲ ਵੀ ਸੋਨੇ ’ਚ ਨਿਵੇਸ਼ ਵਧਦਾ ਹੈ।

ਇਨ੍ਹਾਂ ਤਰੀਕਿਆਂ ਨਾਲ ਕਰੋ ਸੋਨੇ ’ਚ ਨਿਵੇਸ਼

ਜੇ ਤੁਸੀਂ ਵੀ ਆਪਣੇ ਨਿਵੇਸ਼ ਦਾ ਕੁਝ ਹਿੱਸਾ ਸੋਨੇ ’ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਸੋਨੇ ’ਚ ਨਿਵੇਸ਼ ਲਈ ਕਈ ਬਦਲ ਮੌਜੂਦ ਹਨ। ਇਨ੍ਹਾਂ ਦਾ ਇਸਤੇਮਾਲ ਕਰ ਕੇ ਤੁਸੀਂ ਆਪਣੇ ਪੋਰਟਫੋਲੀਓ ਨੂੰ ਸੰਤੁਲਿਤ ਰੱਖ ਸਕਦੇ ਹੋ।

ਲੋਕਲ ਜਿਊਲਰ ਤੋਂ ਫਿਜ਼ੀਕਲ ਗੋਲਡ ਖਰੀਦਣਾ

ਇਹ ਸੋਨੇ ’ਚ ਨਿਵੇਸ਼ ਦਾ ਰਵਾਇਤੀ ਤਰੀਕਾ ਰਿਹਾ ਹੈ ਅਤੇ ਤੁਸੀਂ ਆਪਣੇ ਭਰੋਸੇ ਦੇ ਜਿਊਲਰ ਤੋਂ ਸੋਨੇ ਦੀ ਖਰੀਦ ਕਰ ਸਕਦੇ ਹੋ। ਸੋਨੇ ਦੀ ਖਰੀਦ ਕਰਦੇ ਸਮੇਂ ਤੁਸੀਂ ਹਾਲਮਾਰਕਿੰਗ ਵਾਲਾ ਸੋਨਾ ਖਰੀਦੋਗੇ ਤਾਂ ਇਸ ਨਾਲ ਸੋਨੇ ਦੀ ਸ਼ੁੱਧਤਾ ਦੀ ਗਾਰੰਟੀ ਹੋਵੇਗੀ।

ਗੋਲਡ ਈ. ਟੀ. ਐੱਫ. ਰਾਹੀਂ ਨਿਵੇਸ਼

ਤੁਸੀਂ ਗੋਲਡ ਈ. ਟੀ. ਐੱਫ (ਐਕਸਚੇਂਜ ਟ੍ਰੇਡਿਡ ਫੰਡ) ਰਾਹੀਂ ਵੀ ਸੋਨੇ ’ਚ ਨਿਵੇਸ਼ ਕਰ ਸਕਦੇ ਹੋਏ। ਇਹ ਫੰਡ ਸੋਨੇ ’ਚ ਨਿਵੇਸ਼ ਕਰਦੇ ਹੋ ਅਤੇ ਸੋਨੇ ’ਚ ਰਿਟਰਨ ਦੇ ਹਿਸਾਬ ਨਾਲ ਨਿਵੇਸ਼ਕਾਂ ਨੂੰ ਈ. ਟੀ. ਐੱਫ. ’ਚ ਰਿਟਰਨ ਮਿਲਦਾ ਹੈ। ਹਾਲਾਂਕਿ ਭਾਰਤ ’ਚ ਇਹ ਫਿਲਹਾਲ ਇੰਨਾ ਲੋਕਪ੍ਰਿਯ ਨਹੀਂ ਹੈ ਪਰ ਵਿਦੇਸ਼ ’ਚ ਸੋਨੇ ’ਚ ਨਿਵੇਸ਼ ਦਾ ਇਹ ਤਰੀਕਾ ਕਾਫੀ ਲੋਕਪ੍ਰਿਯ ਹੈ। ਇਸ ਨਿਵੇਸ਼ ਲਈ ਤੁਹਾਨੂੰ ਡੀਮੇਟ ਅਕਾਊਂਟ ਦੀ ਲੋੜ ਪਵੇਗੀ।

ਗੋਲਡ ਐਕਮਿਊਲੇਸ਼ਨ ਪਲਾਨ ਰਾਹੀਂ ਨਿਵੇਸ਼

ਗੋਲਡ ਐਕਮਿਊਲੇਸ਼ਨ ਪਲਾਨ (ਜੀ. ਏ. ਪੀ.) ਸੋਨੇ ’ਚ ਨਿਵੇਸ਼ ਦਾ ਇਕ ਹੋਰ ਸਾਧਨ ਹੈ। ਇਸ ਦੇ ਰਾਹੀਂ ਤੁਸੀਂ 100 ਰੁਪਏ ਤੱਕ ਦੀ ਕੀਮਤ ਦਾ ਸੋਨਾ ਵੀ ਆਨਲਾਈਨ ਤਰੀਕੇ ਨਾਲ ਖਰੀਦ ਸਕਦੇ ਹੋ। ਇਹ ਖਰੀਦ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਦੇ ਗੋਲਡ ਰਸ਼ ਪਲਾਨ ਦੇ ਤਹਿਤ ਪੇਅ. ਟੀ. ਐੱਮ., ਫੋਨ ਪੇਅ ਅਤੇ ਹੋਰ ਮੋਬਾਇਲ ਪੇਮੈਂਟ ਐਪ ਰਾਹੀਂ ਹੋ ਸਕਦੀ ਹੈ। ਇਸ ’ਚ ਤੁਹਾਨੂੰ 3 ਫੀਸਦੀ ਜੀ. ਐੱਸ. ਟੀ. ਵੀ ਅਦਾ ਕਰਨਾ ਪੈਂਦਾ ਅਤੇ ਤੁਸੀਂ ਲੋੜ ਦੇ ਸਮੇਂ ਸੋਨੇ ਨੂੰ ਵੇਚ ਸਕਦੇ ਹੋ।

ਗੋਲਡ ਮਿਊਚਲ ਫੰਡ ’ਚ ਨਿਵੇਸ਼

ਇਹ ਮਿਊਚਲ ਫੰਡ ਅਸੈਟ ਮੈਨੇਜਮੈਂਟ ਕੰਪਨੀਆਂ ਵਲੋਂ ਚਲਾਏ ਜਾਂਦੇ ਹਨ। ਇਹ ਫੰਡ ਗੋਲਡ ਈ. ਟੀ. ਐੱਫ. ’ਚ ਨਿਵੇਸ਼ ਕਰਦੇ ਹਨ। ਤੁਸੀਂ ਇਨ੍ਹਾਂ ਮਿਊਚਲ ਫੰਡਸ ਰਾਹੀਂ ਵੀ ਸੋਨੇ ’ਚ ਨਿਵੇਸ਼ ਕਰ ਸਕਦੇ ਹੋਏ ਅਤੇ ਤੁਹਾਨੂੰ ਇਸ ’ਚ ਸੋਨੇ ਦੀ ਕੀਮਤ ਦੇ ਹਿਸਾਬ ਨਾਲ ਰਿਟਰਨ ਮਿਲਦਾ ਹੈ।

ਭਾਰਤ ਸਰਕਾਰ ਵਲੋਂ ਜਾਰੀ ਸਾਵਰੇਨ ਗੋਲਡ ਬਾਂਡ ’ਚ ਨਿਵੇਸ਼

ਸੋਨੇ ’ਚ ਨਿਵੇਸ਼ ਕਰਨ ਦੇ ਇਛੁੱਕ ਲੋਕਾਂ ਲਈ ਰਿਜ਼ਰਵ ਬੈਂਕ ਸਾਵੇਰਨ ਗੋਲਡ ਬਾਂਡ ਜਾਰੀ ਕਰਦਾ ਹੈ। ਤੁਸੀਂ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ ਬੈਂਕਾਂ ਰਾਹੀਂ ਇਨ੍ਹਾਂ ਬਾਂਡਸ ’ਚ ਨਿਵੇਸ਼ ਕਰ ਸਕਦੇ ਹੋ। ਇਨ੍ਹਾਂ ’ਚ ਨਿਵੇਸ਼ ’ਤੇ ਸਰਕਾਰ ਤੁਹਾਨੂੰ ਫਿਜ਼ੀਕਲ ਰੂਪ ਨਾਲ ਸੋਨਾ ਨਹੀਂ ਦਿੰਦੀ ਪਰ ਤੁਹਾਨੂੰ ਨਿਵੇਸ਼ ’ਤੇ ਸੋਨੇ ਦੀ ਕੀਮਤ ’ਚ ਤੇਜ਼ੀ ਦੇ ਬਰਾਬਰ ਰਿਟਰਨ ਦੇ ਨਾਲ-ਨਾਲ ਸਰਕਾਰ ਤੋਂ 2.5 ਫੀਸਦੀ ਸਾਲਾਨਾ ਵਿਆਜ ਵੀ ਮਿਲਦਾ ਹੈ।


author

Harinder Kaur

Content Editor

Related News