ਭਾਰਤ-ਬੰਗਲਾਦੇਸ਼ ਵਪਾਰ ਸਮਝੌਤੇ ’ਤੇ ਸਾਂਝੇ ਅਧਿਐਨ ਨੂੰ ਛੇਤੀ ਦਿੱਤਾ ਜਾਏਗਾ ਅੰਤਿਮ ਰੂਪ : ਵਪਾਰ ਮੰਤਰੀ
Sunday, Mar 06, 2022 - 11:16 AM (IST)
ਨਵੀਂ ਦਿੱਲੀ (ਭਾਸ਼ਾ) – ਵਪਾਰ ਮੰਤਰਾਲਾ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਇਕ ਦੋਪੱਖੀ ਫ੍ਰੀ ਟ੍ਰੇਡ ਐਗਰੀਮੈਂਟ ਦੀਆਂ ਸੰਭਾਵਨਾਵਾਂ ਲੱਭਣ ਲਈ ਛੇਤੀ ਹੀ ਇਕ ਸਾਂਝੇ ਅਧਿਐਨ ਨੂੰ ਅੰਤਿਮ ਰੂਪ ਦੇਣਗੇ, ਜਿਸ ਦਾ ਮਕਸਦ ਦੇਸ਼ ਦਰਮਿਆਨ ਆਰਥਿਕ ਸਬੰਧ ਨੂੰ ਮਜ਼ਬੂਤ ਕਰਨਾ ਹੈ। ਵਪਾਰ ਸਕੱਤਰ ਬੀ. ਵੀ. ਆਰ. ਸੁਬਰਾਮਣੀਅਮ ਅਤੇ ਬੰਗਲਾਦੇਸ਼ ਦੇ ਵਪਾਰ ਮੰਤਰਾਲਾ ’ਚ ਸੀਨੀਅਰ ਸਕੱਤਰ ਤਪਨ ਕਾਂਤੀ ਘੋਸ਼ ਦਰਮਿਆਨ 4 ਮਾਰਚ ਨੂੰ ਇਕ ਬੈਠਕ ਦੌਰਾਨ ਇਸ ਮੁੱਦੇ ’ਤੇ ਚਰਚਾ ਹੋਈ।
ਇਕ ਅਧਿਕਾਰਕ ਪ੍ਰੈਸ ਬਿਆਨ ਮੁਤਾਬਕ ਦੋਵੇਂ ਪੱਖਾਂ ਨੇ ਰੇਲ ਬੁਨਿਆਦੀ ਢਾਂਚੇ ਅਤੇ ਬੰਦਰਗਾਹ ਬੁਨਿਆਦੀ ਢਾਂਚੇ ਦੇ ਵਿਕਾਸ, ਸਮੁੱਚੇ ਆਰਥਿਕ ਭਾਈਵਾਲ ਸਮਝੌਤੇ (ਸੀ. ਈ. ਪੀ. ਏ.) ’ਤੇ ਸਾਂਝੇ ਅਧਿਐਨ, ਬਾਰਡਰ ਹਾਟ, ਮਲਟੀ-ਮਾਡਲ ਆਵਾਜਾਈ ਦੇ ਮਾਧਿਅਮ ਰਾਹੀਂ ਖੇਤਰੀ ਸੰਪਰਕ, ਆਪਸੀ ਸਮਝੌਤਿਆਂ ਸਮੇਤ ਆਪਸੀ ਹਿੱਤ ਦੇ ਵੱਖ-ਵੱਖ ਮੁਦਿਆਂ ’ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ। ਮੰਤਰਾਲਾ ਨੇ ਕਿਹਾ ਕਿ ਸੀ. ਈ. ਪੀ. ਏ. ਅਧਿਐਨ ਨੂੰ ਛੇਤੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ।