ਬਾਈਡੇਨ ਰਾਸ਼ਟਰਪਤੀ ਬਣੇ ਤਾਂ NRIs ਦੀ ਹੋਵੇਗੀ ਮੌਜ, 1 ਘੰਟੇ ਦੇ ਬਣਨਗੇ ਇੰਨੇ ਪੈਸੇ!
Thursday, Nov 05, 2020 - 01:35 PM (IST)
ਵਾਸ਼ਿੰਗਟਨ— ਸੰਯੁਕਤ ਰਾਜ ਅਮਰੀਕਾ 'ਚ ਚੋਣਾਂ ਦੇ ਨਤੀਜੇ ਜਾਰੀ ਹਨ। ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਮੈਦਾਨ 'ਚ ਉਤਰੇ ਬਾਈਡੇਨ 264 ਇਲੈਕਟ੍ਰੋਲ ਵੋਟਾਂ ਨਾਲ ਕਾਫ਼ੀ ਅੱਗੇ ਨਿਕਲ ਚੁੱਕੇ ਹਨ, ਜਦੋਂ ਕਿ ਰੀਪਬਲਿਕਨ ਪਾਰਟੀ ਵੱਲੋਂ ਦੁਬਾਰਾ ਚੋਣ ਲੜ ਰਹੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ 214 ਇਲੈਕਟ੍ਰੋਲ ਵੋਟਾਂ ਨਾਲ ਬਾਈਡੇਨ ਤੋਂ ਕਾਫ਼ੀ ਪਿੱਛੇ ਚੱਲ ਰਹੇ ਹਨ। ਵ੍ਹਾਈਟ ਹਾਊਸ ਪਹੁੰਚਣ ਲਈ 270 ਇਲੈਕਟ੍ਰੋਲ ਵੋਟਾਂ ਹਾਸਲ ਕਰਨਾ ਜ਼ਰੂਰੀ ਹੈ, ਜਿਸ ਤੋਂ ਬਾਇਡੇਨ ਸਿਰਫ 6 ਕਦਮ ਦੂਰ ਹਨ। ਅਜਿਹੇ 'ਚ ਸਾਬਕਾ ਉਪ ਰਾਸ਼ਟਰਪਤੀ ਬਾਈਡੇਨ ਨੂੰ ਪੂਰੀ ਉਮੀਦ ਹੈ ਕਿ ਉਹ 270 'ਤੇ ਪਹੁੰਚ ਜਾਣਗੇ।
ਜੋਅ ਬਾਈਡੇਨ ਰਾਸ਼ਟਰਪਤੀ ਬਣਦੇ ਹਨ ਤਾਂ ਇਸ ਦਾ ਸਭ ਤੋਂ ਵੱਧ ਫਾਇਦਾ ਐੱਨ. ਆਰ. ਆਈਜ਼. ਨੂੰ ਹੋ ਸਕਦਾ ਹੈ ਕਿਉਂਕਿ ਰਾਸ਼ਟਰਪਤੀ ਅਹੁਦੇ ਦੀ ਬਹਿਸ ਦੇ ਅੰਤਿਮ ਦੌਰ 'ਚ ਬਾਈਡੇਨ ਨੇ ਵਾਅਦਾ ਕੀਤਾ ਸੀ ਕਿ ਉਹ ਪ੍ਰਤੀ ਘੰਟੇ ਦੀ ਘੱਟੋ-ਘੱਟੋ ਮਜ਼ਦੂਰੀ ਵਧਾ ਕੇ 15 ਡਾਲਰ (ਤਕਰੀਬਨ 1,100 ਰੁਪਏ) ਕਰ ਦੇਣਗੇ, ਜੋ ਮੌਜੂਦਾ ਸਮੇਂ 7.25 ਡਾਲਰ ਪ੍ਰਤੀ ਘੰਟਾ ਹੈ। ਉਨ੍ਹਾਂ ਨਾਲ ਹੀ ਇਸ ਖਦਸ਼ੇ ਨੂੰ ਵੀ ਰੱਦ ਕਰ ਦਿੱਤਾ ਸੀ ਕਿ ਇਸ ਨਾਲ ਛੋਟੇ ਕਾਰੋਬਾਰਾਂ ਨੂੰ ਨੁਕਸਾਨ ਹੋਵੇਗਾ। ਬਾਈਡੇਨ ਦਾ ਕਹਿਣਾ ਸੀ ਕਿ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਮਜ਼ਦੂਰੀ ਵਧਣ ਨਾਲ ਕਾਰੋਬਾਰ ਖ਼ਤਮ ਹੋ ਜਾਂਦੇ ਹਨ।
ਸੰਯੁਕਤ ਰਾਜ ਅਮਰੀਕਾ 'ਚ ਘੱਟੋ-ਘੱਟੋ ਮਜ਼ਦੂਰੀ ਵਧਣ ਦਾ ਮਤਲਬ ਹੈ ਕਿ ਇੱਥੇ ਕੰਮ ਕਰਨ ਵਾਲਿਆਂ ਨੂੰ ਦੁੱਗਣੀ ਕਮਾਈ ਹੋਵੇਗੀ। ਹਾਲਾਂਕਿ, ਇਹ ਵੀ ਵੇਖਣਾ ਹੋਵੇਗਾ ਕਿ ਟਰੰਪ ਵੱਲੋਂ ਵੀਜ਼ੇ 'ਤੇ ਲਾਈਆਂ ਗਈਆਂ ਸਖ਼ਤੀਆਂ ਨੂੰ ਲੈ ਕੇ ਬਾਈਡੇਨ ਕੀ ਕਦਮ ਚੁੱਕਦੇ ਹਨ।
ਗੌਰਤਲਬ ਹੈ ਕਿ ਵੀਰਵਾਰ ਨੂੰ ਭਾਰਤੀ ਕਰੰਸੀ ਨੇ ਅਮਰੀਕੀ ਡਾਲਰ ਦੇ ਮੁਕਾਬਲੇ 47 ਪੈਸੇ ਦੀ ਬੜ੍ਹਤ ਹਾਸਲ ਕੀਤੀ ਹੈ, ਜਿਸ ਨਾਲ ਡਾਲਰ ਦਾ ਮੁੱਲ 74.29 ਰੁਪਏ 'ਤੇ ਖੁੱਲ੍ਹਾ। ਪਿਛਲੇ ਦਿਨ ਡਾਲਰ ਦਾ ਮੁੱਲ 74.76 ਰੁਪਏ ਰਿਹਾ ਸੀ। ਬੁੱਧਵਾਰ ਨੂੰ ਭਾਰਤੀ ਕਰੰਸੀ ਡਾਲਰ ਮੁਕਾਬਲੇ 35 ਪੈਸੇ ਕਮਜ਼ੋਰ ਹੋ ਗਈ ਸੀ ਅਤੇ 10 ਹਫ਼ਤਿਆਂ ਦੇ ਹੇਠਲੇ ਪੱਧਰ 74.76 'ਤੇ ਬੰਦ ਹੋਈ ਸੀ। ਵਿਸ਼ਲੇਸ਼ਕ ਪਹਿਲਾਂ ਹੀ ਉਮੀਦ ਜਤਾ ਰਹੇ ਹਨ ਕਿ ਅਮਰੀਕਾ 'ਚ ਆਰਥਿਕ ਗਤੀਵਧੀਆਂ ਨੂੰ ਹੁਲਾਰਾ ਦੇਣ ਲਈ ਰਾਹਤ ਪੈਕੇਜ ਆਉਣ ਵਾਲਾ ਹੈ। ਇਸ ਲਈ ਉਮੀਦ ਹੈ ਕਿ ਸਪੱਸ਼ਟ ਜਿੱਤ ਤੋਂ ਬਾਅਦ ਦੋ ਹਫਤਿਆਂ ਦੇ ਸਮੇਂ 'ਚ ਅਮਰੀਕੀ ਡਾਲਰ ਕਮਜ਼ੋਰ ਹੋ ਜਾਵੇਗਾ। ਇਸ ਵਿਚਕਾਰ ਛੇ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਸੂਚਕ ਅੰਕ 0.07 ਫੀਸਦੀ ਦੀ ਗਿਰਾਵਟ ਨਾਲ 93.34 'ਤੇ ਸੀ।