ਬਾਈਡੇਨ ਦਾ ਵੱਡਾ ਐਲਾਨ, ਹਰ ਅਮਰੀਕੀ ਦੇ ਖਾਤੇ ''ਚ ਪਾਉਣਗੇ 1400 ਡਾਲਰ
Friday, Jan 15, 2021 - 07:52 PM (IST)
ਵਾਸ਼ਿੰਗਟਨ- 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਈਡੇਨ ਨੇ ਆਪਣਾ ਸਭ ਤੋਂ ਅਹਿਮ ਚੋਣ ਵਾਅਦਾ ਪੂਰਾ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ। ਬਾਈਡੇਨ ਨੇ ਕੋਰੋਨਾ ਕਾਰਨ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਈ ਅਮਰੀਕੀ ਆਰਥਿਕਤਾ ਨੂੰ ਮੁੜ ਲੀਹ 'ਤੇ ਪਾਉਣ ਲਈ 1.9 ਲੱਖ ਕਰੋੜ ਡਾਲਰ ਦੇ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ ਹੈ। ਇਸ ਨੂੰ ਕੁਝ ਹਿੱਸਿਆਂ ਵਿਚ ਵੰਡਿਆ ਗਿਆ ਹੈ। ਪੈਕੇਜ ਨੂੰ ਸੰਸਦ ਦੇ ਦੋਹਾਂ ਸਦਨਾਂ ਵਿਚ ਪਾਸ ਕਰਾਉਣਾ ਹੋਵੇਗਾ। ਮੋਟੇ ਤੌਰ 'ਤੇ ਦੇਖੀਏ ਤਾਂ ਪੈਕੇਜ ਲਾਗੂ ਹੋਣ ਤੋਂ ਬਾਅਦ ਹਰ ਅਮਰੀਕੀ ਦੇ ਖਾਤੇ ਵਿਚ 1400 ਡਾਲਰ ਭੇਜੇ ਜਾਣਗੇ।
ਇਕ ਹੋਰ ਖ਼ਾਸ ਗੱਲ ਇਹ ਹੈ ਕਿ ਬਾਈਡੇਨ ਦੇ ਪੈਕੇਜ ਵਿਚ ਛੋਟੇ ਕਾਰੋਬਾਰੀਆਂ ਨੂੰ ਵੀ ਰਾਹਤ ਦਿੱਤੀ ਗਈ ਹੈ। ਪੈਕੇਜ ਨੂੰ 'ਅਮੈਰੀਕਨ ਰੈਸਕਿਊ ਪਲਾਨ' ਨਾਂ ਦਿੱਤਾ ਗਿਆ ਹੈ। ਇਸ ਪੈਕੇਜ ਦਾ ਸਿਰਫ਼ ਇਕ ਮਕਸਦ ਅਮਰੀਕੀ ਅਰਥਵਿਵਸਥਾ ਨੂੰ ਪਟੜੀ 'ਤੇ ਚਾੜ੍ਹਨਾ ਹੈ। ਇਸ ਵਿਚ ਕਾਰੋਬਾਰ, ਸਿੱਖਿਆ ਅਤੇ ਹਰ ਅਮਰੀਕੀ ਨੂੰ ਰਾਹਤ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਟੀਕਾਕਰਨ 'ਤੇ ਵੀ ਧਿਆਨ ਦਿੱਤਾ ਗਿਆ ਹੈ।
- 415 ਅਰਬ ਡਾਲਰ : ਕੋਰੋਨਾ ਖਿਲਾਫ਼ ਜੰਗ 'ਤੇ ਖ਼ਰਚ ਕੀਤੇ ਜਾਣਗੇ।
- 1400 ਡਾਲਰ : ਹਰ ਅਮਰੀਕੀ ਦੇ ਖਾਤੇ ਵਿਚ ਟਰਾਂਸਫਰ ਹੋਣਗੇ।
- 440 ਅਰਬ ਡਾਲਰ : ਛੋਟੇ ਕਾਰੋਬਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਖ਼ਰਚ ਹੋਣਗੇ।
- 15 ਡਾਲਰ : ਹਰ ਘੰਟੇ ਦੇ ਹਿਸਾਬ ਨਾਲ ਘੱਟੋ-ਘੱਟੋ ਮਜ਼ਦੂਰੀ ਦਿੱਤੀ ਜਾਵੇਗੀ, ਜੋ ਮੌਜੂਦਾ ਸਮੇਂ 7 ਡਾਲਰ ਪ੍ਰਤੀ ਘੰਟੇ ਦੇ ਆਸਪਾਸ ਹੈ।
ਸਕੂਲ ਫਿਰ ਖੋਲ੍ਹਣ ਲਈ 130 ਅਰਬ ਡਾਲਰ ਖ਼ਰਚ ਕੀਤੇ ਜਾਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਬਾਈਡੇਨ ਬੇਰੁਜ਼ਗਾਰੀ ਭੱਤਾ 300 ਡਾਲਰ ਤੋਂ ਵਧਾ ਕੇ 400 ਡਾਲਰ ਹਰ ਹਫ਼ਤੇ ਕਰਨਾ ਚਾਹੁੰਦੇ ਹਨ। ਸੱਤਾ ਸੰਭਾਲਣ ਦੇ 100 ਦਿਨਾਂ ਵਿਚ ਤਕਰੀਬਨ 10 ਕਰੋੜ ਅਮਰੀਕੀ ਨਾਗਰਿਕਾਂ ਨੂੰ ਟੀਕਾ ਲਾਉਣਾ ਦੀ ਟੀਚਾ ਹੈ।
ਇਹ ਵੀ ਪੜ੍ਹੋ- WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਦਿੱਲੀ ਹਾਈ ਕੋਰਟ 'ਚ ਚੁਣੌਤੀ
ਸੰਸਦ 'ਚ ਪਾਸ ਕਰਾਉਣਾ ਹੋਵੇਗਾ ਚੁਣੌਤੀ-
ਇਸ ਪੈਕੇਜ ਨੂੰ ਸੰਸਦ ਵਿਚ ਪਾਸ ਕਰਾਉਣਾ ਇਕ ਚੁਣੌਤੀ ਹੋਵੇਗੀ ਕਿਉਂਕਿ ਨਵੰਬਰ-ਦਸੰਬਰ ਵਿਚ ਜਦੋਂ ਟਰੰਪ ਰਾਹਤ ਪੈਕੇਜ ਲੈ ਕੇ ਆਏ ਸੀ ਤਾਂ ਬਾਈਡੇਨ ਅਤੇ ਉਨ੍ਹਾਂ ਦੀ ਡੈਮੋਕ੍ਰੇਟਿਕ ਪਾਰਟੀ ਨੇ ਕਈ ਸਵਾਲ ਖੜ੍ਹੇ ਕੀਤੇ ਸਨ। ਹੁਣ ਵੀ ਸੈਨੇਟ ਵਿਚ ਰੀਪਬਲਿਕਨ ਪਾਰਟੀ ਦਾ ਬਹੁਮਤ ਹੈ, ਉਹ ਰੁਕਾਵਟ ਖੜ੍ਹੀ ਕਰ ਸਕਦੇ ਹਨ। ਦੂਜੀ ਗੱਲ, ਇਸ ਪੈਕੇਜ ਵਿਚ ਰੱਖਿਆ ਖੇਤਰ ਲਈ ਵੱਖ ਤੋਂ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇਸ 'ਤੇ ਇਤਰਾਜ਼ ਹੋ ਸਕਦਾ ਹੈ। ਬਾਈਡੇਨ ਅਤੇ ਉਪ ਰਾਸ਼ਟਰਪਤੀ ਬਣਨ ਜਾ ਰਹੀ ਕਮਲਾ ਹੈਰਿਸ ਨੇ ਇਸ ਰਾਹਤ ਪੈਕੇਜ ਦੀ ਘੋਸ਼ਣਾ ਬਾਈਡੇਨ ਦੇ ਸ਼ਹਿਰ ਵਿਲਮਿੰਗਟਨ ਵਿਚ ਕੀਤੀ। ਆਮ ਤੌਰ 'ਤੇ ਇੰਨੀ ਵੱਡੀ ਘੋਸ਼ਣਾ ਦੇਸ਼ ਦੀ ਰਾਜਧਾਨੀ ਵਿਚ ਕੀਤੀ ਜਾਂਦੀ ਹੈ। ਗੌਰਤਲਬ ਹੈ ਕਿ ਭਾਰਤ ਦੀ ਕੁੱਲ ਅਰਥਵਿਵਸਥਾ ਇਸ ਵਕਤ ਤਕਰੀਬਨ 3 ਲੱਖ ਕਰੋੜ ਡਾਲਰ ਦੀ ਹੈ। ਇਸ ਲਿਹਾਜ ਨਾਲ ਦੇਖੀਏ ਤਾਂ ਬਾਈਡੇਨ ਨੇ ਜਿਸ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ ਹੈ ਉਹ ਭਾਰਤੀ ਅਰਥਵਿਵਸਥਾ ਦੇ ਅੱਧੇ ਤੋਂ ਵੀ ਜ਼ਿਆਦਾ ਹੈ।
ਇਹ ਵੀ ਪੜ੍ਹੋ- ਬ੍ਰਾਜ਼ੀਲ ਸਟ੍ਰੇਨ : UK ਨੇ ਦੱਖਣੀ ਅਮਰੀਕਾ ਦੇ ਦੇਸ਼ਾਂ 'ਤੇ ਲਾਈ ਯਾਤਰਾ ਪਾਬੰਦੀ
►ਬਾਈਡੇਨ ਦੀ ਘੋਸ਼ਣਾ 'ਤੇ ਤੁਹਾਡੀ ਰਾਇ, ਕੁਮੈਂਟ ਬਾਕਸ ਵਿਚ ਕਰੋ ਸਾਂਝੀ