ਸਰਕਾਰੀ ਬੈਂਕਾਂ ਦੇ ਇਨ੍ਹਾਂ ਅਧਿਕਾਰੀਆਂ ਦਾ ਵਧੇਗਾ ਕਾਰਜਕਾਲ, ਕੇਂਦਰ ਸਰਕਾਰ ਨੇ ਕੀਤੀ ਸਿਫਾਰਸ਼

Monday, Jul 26, 2021 - 10:45 AM (IST)

ਸਰਕਾਰੀ ਬੈਂਕਾਂ ਦੇ ਇਨ੍ਹਾਂ ਅਧਿਕਾਰੀਆਂ ਦਾ ਵਧੇਗਾ ਕਾਰਜਕਾਲ, ਕੇਂਦਰ ਸਰਕਾਰ ਨੇ ਕੀਤੀ ਸਿਫਾਰਸ਼

ਨਵੀਂ ਦਿੱਲੀ (ਭਾਸ਼ਾ) – ਵਿੱਤ ਮੰਤਰਾਲਾ ਨੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਸਮੇਤ ਜਨਤਕ ਖੇਤਰ ਦੇ 3 ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰਾਂ ਦਾ ਕਾਰਜਕਾਲ ਵਧਾਉਣ ਦੀ ਫਾਈਲ ਪੇਸ਼ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਮੰਤਰਾਲਾ ਨੇ ਕਿਰਤ ਤੇ ਸਿਖਲਾਈ ਵਿਭਾਗ (ਡੀ. ਓ. ਪੀ. ਟੀ.) ਨੂੰ ਵੱਖ-ਵੱਖ ਸਰਕਾਰੀ ਬੈਂਕਾਂ ਦੇ 10 ਕਾਰਜਕਾਰੀ ਡਾਇਰੈਕਟਰਾਂ (ਈ. ਡੀ.) ਦੇ ਸੇਵਾ ਵਾਧੇ ਦੀ ਵੀ ਸਿਫਾਰਿਸ਼ ਕੀਤੀ ਹੈ।

ਪੀ. ਐੱਨ. ਬੀ. ਦੇ ਮੈਨੇਜਿੰਗ ਡਾਇਰੈਕਟਰ ਤੇ ਸੀ. ਈ. ਓ. ਐੱਸ. ਐੱਸ. ਮਲਿਕਾਅਰਜੁਨ ਰਾਓ ਦਾ 3 ਸਾਲ ਦਾ ਕਾਰਜਕਾਲ 18 ਸਤੰਬਰ ਨੂੰ ਖਤਮ ਹੋ ਰਿਹਾ ਹੈ। ਵਿੱਤ ਮੰਤਰਾਲਾ ਨੇ ਉਨ੍ਹਾਂ ਦਾ ਕਾਰਜਕਾਲ 31 ਜਨਵਰੀ 2022 ਤੱਕ ਵਧਾਉਣ ਦੀ ਸਿਫਾਰਿਸ਼ ਕੀਤੀ ਹੈ। ਰਾਓ ਉਦੋਂ ਤੱਕ 60 ਸਾਲਾਂ ਦੀ ਆਪਣੀ ਰਿਟਾਇਰਮੈਂਟ ਦੀ ਮਿਆਦ ਵੀ ਪੂਰੀ ਕਰ ਲੈਣਗੇ।

ਯੂਕੋ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਤੇ ਸੀ. ਈ. ਓ. ਅਤੁਲ ਕੁਮਾਰ ਗੋਇਲ ਦੇ ਕਾਰਜਕਾਲ ’ਚ ਆਉਂਦੀ ਪਹਿਲੀ ਨਵੰਬਰ ਤੋਂ 2 ਸਾਲਾਂ ਦੇ ਵਾਧੇ ਦੀ ਸਿਫਾਰਿਸ਼ ਕੀਤੀ ਗਈ ਹੈ। ਬੈਂਕ ਆਫ ਮਹਾਰਾਸ਼ਟਰ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਏ. ਐੱਸ. ਰਾਜੀਵ ਦਾ ਕਾਰਜਕਾਲ ਵੀ ਇਕ ਦਸੰਬਰ 2021 ਤੋਂ ਅੱਗੇ 2 ਸਾਲ ਲਈ ਵਧਾਉਣ ਦਾ ਸੁਝਾਅ ਦਿੱਤਾ ਗਿਆ ਹੈ। ਵਿੱਤ ਮੰਤਰਾਲਾ ਨੇ ਨਾਲ ਹੀ ਇੰਡੀਅਨ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਤੇ ਸੀ. ਈ. ਓ. ਦੇ ਤੌਰ ’ਤੇ ਨਿਯੁਕਤੀ ਲਈ ਐੱਸ. ਐੱਲ. ਜੈਨ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਸਰਕਾਰੀ ਬੈਂਕਾਂ ਤੇ ਵਿੱਤੀ ਸੰਸਥਾਵਾਂ ਲਈ ਅਧਿਕਾਰੀਆਂ ਦੀ ਤਲਾਸ਼ ਕਰਨ ਵਾਲੇ ਬੈਂਕ ਬੋਰਡ ਬਿਊਰੋ (ਬੀ. ਬੀ. ਬੀ.) ਨੇ ਇੰਟਰਵਿਊ ਤੋਂ ਬਾਅਦ ਮਈ ’ਚ ਜੈਨ ਦੇ ਨਾਂ ਦੀ ਸਿਫਾਰਿਸ਼ ਕੀਤੀ ਸੀ। ਕਾਰਜਕਾਰੀ ਡਾਇਰੈਕਟਰਾਂ ਦੇ ਸਬੰਧ ’ਚ ਮੰਤਰਾਲਾ ਨੇ ਉਨ੍ਹਾਂ ਦੇ ਕਾਰਜਕਾਲ ਨੂੰ ਉਨ੍ਹਾਂ ਦੀ ਰਿਟਾਇਰਮੈਂਟ ਦੀ ਉਮਰ ਜਾਂ 2 ਸਾਲ, ਜੋ ਵੀ ਪਹਿਲੇ ਹੋਵੇ ਤੱਕ ਵਧਾਉਣ ਲਈ 10 ਨਾਵਾਂ ਦੀ ਸਿਫਾਰਿਸ਼ ਕੀਤੀ ਹੈ। ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਨਤਕ ਖੇਤਰ ਦੇ ਕਿਸੇ ਸੈਕਟਰ ਦੇ ਮੈਨੇਜਿੰਗ ਡਾਇਰੈਕਟਰ ਤੇ ਸੀ. ਈ. ਓ. ਨੂੰ ਵੱਧ ਤੋਂ ਵੱਧ 5 ਸਾਲਾਂ ਦਾ ਕਾਰਜਕਾਲ ਦਿੱਤਾ ਜਾਂਦਾ ਹੈ।

 


author

Harinder Kaur

Content Editor

Related News