ਕੋਰੋਨਾ ਕਾਰਣ ਭਾਰਤ ''ਚ 13.5 ਕਰੋੜ ਲੋਕ ਹੋ ਜਾਣਗੇ ਬੇਰੋਜ਼ਗਾਰ, 12 ਕਰੋੜ ਹੋ ਜਾਣਗੇ ਗਰੀਬ
Monday, May 18, 2020 - 01:13 AM (IST)

ਨਵੀਂ ਦਿੱਲੀ (ਭਾਸ਼ਾ) -ਕੋਰੋਨਾ ਵਾਇਰਸ ਮਹਾਮਾਰੀ ਅਰਥਵਿਵਸਥਾ ਲਈ ਵੀ ਖਤਰਨਾਕ ਸਾਬਤ ਹੋਈ ਹੈ। ਇਕ ਤਾਜ਼ਾ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੋਰੋਨਾ ਦੀ ਵਜ੍ਹਾ ਨਾਲ ਭਾਰਤ 'ਚ 13.5 ਕਰੋੜ ਲੋਕਾਂ ਦਾ ਰੋਜ਼ਗਾਰ ਖੁੰਝ ਸਕਦਾ ਹੈ ਤਾਂ 12 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਚਲੇ ਜਾਣਗੇ। ਖਪਤਕਾਰਾਂ ਦੀ ਆਮਦਨ, ਖਰਚ ਅਤੇ ਬਚਤ 'ਤੇ ਇਸ ਦਾ ਮਾੜਾ ਅਸਰ ਹੋਵੇਗਾ।
ਇੰਟਰਨੈਸ਼ਨਲ ਮੈਨੇਜਮੈਂਟ ਕੰਸਲਟਿੰਗ ਫਰਮ ਅਰਥਰ ਡੀ ਲਿਟਿਲ ਦੀ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦਾ ਸਭ ਤੋਂ ਮਾੜਾ ਅਸਰ ਭਾਰਤ ਦੇ ਕਮਜ਼ੋਰ ਤਬੱਕੇ 'ਤੇ ਪਵੇਗਾ। ਰੋਜ਼ਗਾਰ ਜਾਵੇਗਾ , ਗਰੀਬੀ ਵਧੇਗੀ ਅਤੇ ਪ੍ਰਤੀ ਵਿਅਕਤੀ ਕਮਾਈ ਘੱਟ ਹੋਵੇਗੀ। ਇਸ ਨਾਲ ਜੀ. ਡੀ. ਪੀ. 'ਚ ਤੇਜ਼ ਗਿਰਾਵਟ ਆਵੇਗੀ।
ਰਿਪੋਰਟ 'ਚ ਕਿਹਾ ਗਿਆ ਹੈ ਕਿ 'ਕੋਵਿਡ-19' ਦੇ ਲਗਾਤਾਰ ਵਧਦੇ ਕੇਸਾਂ ਨੂੰ ਵੇਖਦੇ ਹੋਏ ਸਾਡਾ ਅਨੁਮਾਨ ਹੈ ਕਿ ਭਾਰਤ ਦੇ ਮਾਮਲੇ 'ਚ ਡਬਲਯੂ ਸ਼ੇਪ ਰਿਕਵਰੀ ਹੋਵੇਗੀ। ਇਸ ਦੀ ਵਜ੍ਹਾ ਨਾਲ ਵਿੱਤੀ ਸਾਲ 2020-21 'ਚ ਜੀ. ਡੀ. ਪੀ. 'ਚ 10.8 ਫੀਸਦੀ ਦੀ ਕਮੀ ਹੋਵੇਗੀ ਅਤੇ 2021-22 'ਚ ਜੀ. ਡੀ. ਪੀ. ਗ੍ਰੋਥ 0.8 ਫੀਸਦੀ ਰਹੇਗੀ।
35 ਫੀਸਦੀ ਤੱਕ ਜਾ ਸਕਦੀ ਹੈ ਬੇਰੋਜ਼ਗਾਰੀ ਦਰ
ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਬੇਰੋਜ਼ਗਾਰੀ ਦਰ 7.6 ਫੀਸਦੀ ਤੋਂ ਵਧ ਕੇ 35 ਫੀਸਦੀ ਤਕ ਜਾ ਸਕਦੀ ਹੈ। ਇਸ ਨਾਲ 13.6 ਕਰੋੜ ਲੋਕਾਂ ਦਾ ਰੋਜ਼ਗਾਰ ਚਲਾ ਜਾਵੇਗਾ ਅਤੇ ਦੇਸ਼ 'ਚ ਕੁਲ 17.4 ਕਰੋੜ ਲੋਕ ਬੇਰੋਜ਼ਗਾਰ ਹੋਣਗੇ। ਲੋਕਾਂ ਨੂੰ ਗਰੀਬੀ 'ਚੋਂ ਕੱਢਣ ਦੇ ਅਭਿਆਨ ਨੂੰ ਝਟਕਾ ਲੱਗੇਗਾ ਅਤੇ ਕਰੀਬ 12 ਕਰੋੜ ਲੋਕ ਗਰੀਬ ਹੋ ਜਾਣਗੇ, ਜਦੋਂਕਿ 4 ਕਰੋੜ ਬੇਹੱਦ ਗਰੀਬ ਹੋ ਜਾਣਗੇ।
ਅਰਥਰ ਡੀ ਲਿਟਿਲ ਦੇ ਇੰਡੀਆ ਅਤੇ ਸਾਊਥ ਏਸ਼ੀਆ ਮੈਨੇਜਿੰਗ ਪਾਰਟਨਰ ਅਤੇ ਸੀ. ਈ. ਓ. ਬਾਰਨਿਕ ਚਿਤਰਨ ਮਿਤਰਾ ਨੇ ਕਿਹਾ ਕਿ ਵਿੱਤੀ ਸਾਲ 21 'ਚ ਸੰਭਾਵਿਕ 10.8 ਫੀਸਦੀ ਕਮੀ ਨਾਲ ਭਾਰਤ ਡਬਲਯੂ ਸ਼ੇਪ ਰਿਕਵਰੀ ਵੱਲ ਵੱਧ ਰਿਹਾ ਹੈ। ਭਾਰਤ ਨੂੰ 1 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ।