ਵੱਡੀ ਖ਼ਬਰ! ਜੈੱਟ ਏਅਰਵੇਜ਼ ਫਿਰ ਤੋਂ ਸ਼ੁਰੂ ਕਰ ਸਕਦੀ ਹੈ ਕੌਮਾਂਤਰੀ ਉਡਾਣਾਂ
Wednesday, Dec 02, 2020 - 01:51 PM (IST)
ਨਵੀਂ ਦਿੱਲੀ— ਜੈੱਟ ਏਅਰਵੇਜ਼ ਅਗਲੇ ਸਾਲ ਗਰਮੀਆਂ 'ਚ ਇਕ ਵਾਰ ਫਿਰ ਉਡਾਣ ਭਰਨਾ ਸ਼ੁਰੂ ਕਰ ਸਕਦੀ ਹੈ। ਇਸ ਦੇ ਦਿੱਲੀ, ਮੁੰਬਈ ਅਤੇ ਬੇਂਗਲੁਰੂ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਉਮੀਦ ਹੈ। ਕੈਲਾਰਕ ਕੈਪੀਟਲ-ਮੁਰਾਰੀ ਲਾਲ ਜਾਲਾਨ ਸੰਘ ਨੇ ਇਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਹੈ।
ਜਾਣਕਾਰੀ ਮੁਤਾਬਕ, ਜੈੱਟ ਏਅਰਵੇਜ਼ ਦੇ ਨਵੇਂ ਮਾਲਕ ਕੰਪਨੀ ਨੂੰ ਸਟਾਕ ਐਕਸਚੇਂਜ 'ਚ ਲਿਸਟਡ ਰੱਖਣਗੇ। ਦੱਸ ਦੇਈਏ ਕਿ ਜੈੱਟ ਏਅਰਵੇਜ਼ ਅਪ੍ਰੈਲ 2019 'ਚ ਬੰਦ ਹੋ ਗਈ ਸੀ। ਭਾਰੀ ਘਾਟੇ ਅਤੇ ਕਰਜ਼ ਕਾਰਨ ਇਸ ਨੂੰ ਬੰਦ ਕੀਤਾ ਗਿਆ ਸੀ। ਉਸ ਸਮੇਂ ਕੰਪਨੀ ਦੇ ਪ੍ਰਮੋਟਰ ਨਰੇਸ਼ ਗੋਇਲ ਨੂੰ 500 ਕਰੋੜ ਰੁਪਏ ਦੀ ਜ਼ਰੂਰਤ ਸੀ ਪਰ ਉਹ ਇੰਨੀ ਰਕਮ ਜੁਟਾ ਨਹੀਂ ਸਕੇ। ਹਾਲਤ ਇਹ ਹੋ ਗਈ ਕਿ ਕੰਪਨੀ ਦੇ ਮੁਲਾਜ਼ਮਾਂ ਦੀ ਤਨਖ਼ਾਹ ਅਤੇ ਹੋਰ ਖ਼ਰਚ ਵੀ ਕੱਢਣੇ ਮੁਸ਼ਕਲ ਹੋ ਗਏ ਸਨ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਸ਼ਿਰਡੀ ਲਈ ਨਾਨ-ਸਟਾਪ ਉਡਾਣਾਂ ਚਲਾਏਗੀ ਸਪਾਈਸ ਜੈੱਟ
ਜੈੱਟ ਏਅਰਵੇਜ਼ ਨੂੰ ਕਰਜ਼ ਦੇਣ ਵਾਲੇ ਬੈਂਕਾਂ ਦੇ ਸਮੂਹ ਨੇ ਨਰੇਸ਼ ਗੋਇਲ ਨੂੰ ਕੰਪਨੀ ਬੋਰਡ ਤੋਂ ਹਟਾ ਦਿੱਤਾ। ਜੈੱਟ ਏਅਰਵੇਜ਼ ਦੇ ਬੇੜੇ 'ਚ ਇਕ ਸਮੇਂ 120 ਜਹਾਜ਼ ਸਨ, ਜੋ ਇਸ ਦੇ ਬੰਦ ਹੋਣ ਦੇ ਸਮੇਂ ਸਿਰਫ 16 ਰਹਿ ਗਏ ਸਨ। ਕੰਪਨੀ ਜੂਨ 2019 'ਚ ਕਾਰਪੋਰੇਟ ਦਿਵਾਲਾ ਪ੍ਰਕਿਰਿਆ ਤਹਿਤ ਚਲੀ ਗਈ। ਕੈਲਾਰਕ ਕੈਪੀਟਲ-ਮੁਰਾਰੀ ਲਾਲ ਜਾਲਾਨ ਸੰਘ ਨੇ ਇਸ ਦੀ ਬੋਲੀ ਜਿੱਤੀ। ਹਾਲਾਂਕਿ, ਹੋਰ ਪਾਰਟੀ ਐੱਫ. ਐੱਸ. ਟੀ. ਸੀ., ਬਿਗ ਚਾਰਟਰ ਅਤੇ ਇੰਪੀਰੀਅਲ ਕੈਪੀਟਲ ਨੇ ਵੀ ਜੈੱਟ ਲਈ ਆਫ਼ਰ ਕੀਤਾ ਸੀ ਪਰ ਉਨ੍ਹਾਂ ਕੰਪਨੀਆਂ ਦਾ ਆਫ਼ਰ ਪ੍ਰਾਈਸ ਕਾਫ਼ੀ ਘੱਟ ਸੀ।
ਇਹ ਵੀ ਪੜ੍ਹੋ- PAYTM ਦਾ ਦੁਕਾਨਦਾਰਾਂ ਨੂੰ ਤੋਹਫ਼ਾ, ਪੇਮੈਂਟ ਲੈਣ 'ਤੇ ਨਹੀਂ ਲੱਗੇਗਾ ਚਾਰਜ
ਕੈਲਾਰਕ ਕੈਪੀਟਲ-ਮੁਰਾਰੀ ਲਾਲ ਜਾਲਾਨ ਸੰਘ ਦੀ ਪੁਨਰਗਠਨ ਯੋਜਨਾ ਨੂੰ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) 'ਚ 5 ਨਵੰਬਰ ਨੂੰ ਸੌਂਪਿਆ ਗਿਆ ਸੀ। ਐੱਨ. ਸੀ. ਐੱਲ. ਟੀ. ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਯੋਜਨਾ ਨੂੰ ਹਵਾਬਾਜ਼ੀ ਮੰਤਰਾਲਾ ਕੋਲ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਇਸ ਨੂੰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀ. ਜੀ. ਸੀ. ਏ.) ਕੋਲ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ- ਬ੍ਰਿਟੇਨ 'ਚ ਅਗਲੇ ਹਫਤੇ ਤੋਂ ਸ਼ੁਰੂ ਹੋਵੇਗਾ ਟੀਕਾਕਰਨ, ਫਾਈਜ਼ਰ ਦੇ ਕੋਰੋਨਾ ਟੀਕੇ ਨੂੰ ਮਿਲੀ ਹਰੀ ਝੰਡੀ