ਜੈੱਟ ਏਅਰਵੇਜ਼ ਸੰਕਟ : ਸੜਕਾਂ ''ਤੇ ਕਰਮਚਾਰੀ
Saturday, Apr 13, 2019 - 10:43 PM (IST)

ਮੁੰਬਈ- ਜੈੱਟ ਏਅਰਵੇਜ਼ ਦੇ ਕਰਮਚਾਰੀ ਸੰਗਠਨ ਨੇ ਪੁਲਸ ਸਾਹਮਣੇ ਮੰਗ ਰੱਖੀ ਕਿ ਏਅਰਲਾਈਨ ਦੇ ਫਾਊਂਡਰ ਨਰੇਸ਼ ਗੋਇਲ, ਸੀ. ਈ. ਓ. ਵਿਨੈ ਦੁਬੇ ਅਤੇ ਐੱਸ. ਬੀ. ਆਈ. ਦੇ ਚੇਅਰਮੈਨ ਰਜਨੀਸ਼ ਕੁਮਾਰ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾਵੇ। ਐੱਸ. ਬੀ. ਆਈ. ਜੈੱਟ ਦੇ ਕਰਜ਼ਦਾਤਾ ਬੈਂਕਾਂ ਦੀ ਅਗਵਾਈ ਕਰ ਰਿਹਾ ਹੈ ਅਤੇ ਏਅਰਲਾਈਨ ਦੇ ਰੈਜ਼ੋਲਿਊਸ਼ਨ ਪਲਾਨ 'ਤੇ ਕੰਮ ਕਰ ਰਿਹਾ ਹੈ। ਜੈੱਟ ਏਅਰਵੇਜ਼ ਦੇ ਕਰਮਚਾਰੀ ਤਨਖਾਹ ਨਾ ਮਿਲਣ ਕਾਰਨ ਨਾਰਾਜ਼ ਹਨ।
ਜੈੱਟ ਦੇ ਆਲ ਇੰਡੀਆ ਆਫਿਸਰਸ ਐਂਡ ਸਟਾਫ ਐਸੋਸੀਏਸ਼ਨ ਦੇ ਪ੍ਰਮੁੱਖ ਕਿਰਨ ਪਾਵਸਕਰ ਨੇ ਸਹਾਰ ਪੁਲਸ ਥਾਣੇ 'ਚ ਸ਼ਿਕਾਇਤ ਦਿੱਤੀ। ਉਨ੍ਹਾਂ ਕਿਹਾ ਕਿ ਏਅਰਲਾਈਨ ਨੇ ਕਰਮਚਾਰੀਆਂ ਦੀ ਮਾਰਚ ਦੀ ਤਨਖਾਹ ਨਹੀਂ ਦਿੱਤੀ ਹੈ, ਇਸ ਲਈ ਧੋਖਾਦੇਹੀ, ਭਰੋਸਾ ਤੋੜਣ, ਫੰਡ ਦੀ ਦੁਰਵਰਤੋਂ ਅਤੇ ਦੂਜੇ ਅਪਰਾਧਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਇਸ ਤੋਂ ਪਹਿਲਾਂ ਪਾਵਸਕਰ ਦੀ ਅਗਵਾਈ 'ਚ 200 ਕਰਮਚਾਰੀਆਂ ਨੇ ਏਅਰਪੋਰਟ ਤੋਂ ਜੈੱਟ ਏਅਰਵੇਜ਼ ਦੇ ਹੈੱਡਕੁਆਰਟਰ ਸਿਰੋਆ ਸੈਂਟਰ ਤੱਕ ਮਾਰਚ ਕੱਢਿਆ। ਕਰਮਚਾਰੀਆਂ ਦੀ ਸੀਨੀਅਰ ਮੈਨੇਜਮੈਂਟ ਨਾਲ ਮੁਲਾਕਾਤ ਵੀ ਹੋਈ। ਹਾਲਾਂਕਿ ਉਹ ਸੀ. ਈ. ਓ. ਵਿਨੈ ਦੂਬੇ ਨੂੰ ਮਿਲਣਾ ਚਾਹੁੰਦੇ ਸਨ।
ਮੀਟਿੰਗ 'ਚ ਅੰਤ੍ਰਿਮ ਫੰਡ ਮੁਹੱਈਆ ਕਰਵਾਉਣ ਦੀ ਮੰਗ
ਜੈੱਟ ਦੇ ਹਾਲਾਤ 'ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਨੇ ਬੀਤੇ ਦਿਨ ਮੀਟਿੰਗ ਬੁਲਾਈ ਸੀ। ਮੀਟਿੰਗ ਤੋਂ ਬਾਅਦ ਖਰੋਲਾ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਜੈੱਟ ਏਅਰਵੇਜ਼ ਦੀ ਮੈਨੇਜਮੈਂਟ ਨਾਲ ਗੱਲ ਕੀਤੀ। ਖਰੋਲਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜੈੱਟ ਦੇ 11 ਜਹਾਜ਼ਾਂ ਨੇ ਉਡਾਣ ਭਰੀ। ਸ਼ਨੀਵਾਰ ਅਤੇ ਐਤਵਾਰ ਨੂੰ ਇਹ ਗਿਣਤੀ 6 ਤੋਂ 7 ਰਹੇਗੀ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸੋਮਵਾਰ ਤੱਕ ਸੰਚਾਲਨ ਲਈ ਜੈੱਟ ਦੇ ਕੋਲ ਕੀ ਲੋੜੀਂਦਾ ਫੰਡ ਮੁਹੱਈਆ ਹੈ? ਇਸ 'ਤੇ ਖਰੋਲਾ ਨੇ ਹਾਂ-ਪੱਖੀ ਜਵਾਬ ਦਿੱਤਾ। ਖਰੋਲਾ ਮੁਤਾਬਕ ਜੈੱਟ ਏਅਰਵੇਜ਼ ਦੀ ਬੀਤੇ ਦਿਨ ਬੈਂਕਾਂ ਨਾਲ ਹੋਈ ਮੀਟਿੰਗ 'ਚ ਅੰਤ੍ਰਿਮ ਫੰਡ ਮੁਹੱਈਆ ਕਰਵਾਉਣ ਦੀ ਮੰਗ ਰੱਖੀ ਗਈ ਸੀ। ਬੈਂਕਾਂ ਨੇ ਜੈੱਟ ਏਅਰਵੇਜ਼ ਨੂੰ ਕਿਹਾ ਹੈ ਕਿ ਉਹ ਅੰਤ੍ਰਿਮ ਫੰਡਿੰਗ ਦੇ ਪ੍ਰਸਤਾਵ ਨੂੰ ਦਰੁਸਤ ਕਰੇ। ਸੋਮਵਾਰ ਨੂੰ ਏਅਰਲਾਈਨ ਫਿਰ ਤੋਂ ਬੈਂਕਾਂ ਨਾਲ ਸੰਪਰਕ ਕਰੇਗੀ। ਉਸ ਤੋਂ ਬਾਅਦ ਬੈਂਕ ਫੈਸਲਾ ਲੈਣਗੇ। ਐੱਸ. ਬੀ. ਆਈ. ਦੀ ਅਗਵਾਈ 'ਚ ਬੈਂਕਾਂ ਦਾ ਕੰਸੋਰਟੀਅਮ ਫਿਲਹਾਲ ਜੈੱਟ ਏਅਰਵੇਜ਼ ਨੂੰ ਸੰਭਾਲ ਰਿਹਾ ਹੈ।