1 ਜੁਲਾਈ ਤੋਂ ਫਿਰ ਉਡਾਣ ਭਰ ਸਕਦੀ ਹੈ ਜੈੱਟ ਏਅਰਵੇਜ਼

Saturday, May 18, 2019 - 05:18 PM (IST)

1 ਜੁਲਾਈ ਤੋਂ ਫਿਰ ਉਡਾਣ ਭਰ ਸਕਦੀ ਹੈ ਜੈੱਟ ਏਅਰਵੇਜ਼

ਮੁੰਬਈ — ਜੈੱਟ ਏਅਰਵੇਜ਼ 'ਚ ਹਿੱਸੇਦਾਰੀ ਹਾਸਲ ਕਰਨ ਲਈ ਅਣਚਾਹੀ ਬੋਲੀ ਲਗਾਉਣ ਵਾਲੇ ਆਦਿ ਗਰੁੱਪ ਨੇ ਅਸਥਾਈ ਰੂਪ ਨਾਲ ਬੰਦ ਹੋ ਚੁੱਕੀ ਇਸ ਏਅਰਲਾਈਨ ਦਾ ਸੰਚਾਲਨ 1 ਜੁਲਾਈ ਤੋਂ ਫਿਰ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਹੈ। ਆਦਿ ਗਰੁੱਪ ਨੇ ਕਿਹਾ ਹੈ ਕਿ 8000 ਤੋਂ 9000 ਕਰਮਚਾਰੀਆਂ ਅਤੇ 70 ਏਅਰਕ੍ਰਾਫਟ ਦੇ ਨਾਲ 1 ਜੁਲਾਈ ਤੋਂ ਜੈੱਟ ਏਅਰਵੇਜ਼ ਦਾ ਸੰਚਾਲਨ ਫਿਰ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। 

ਇਕ ਰਿਪੋਰਟ ਵਿਚ ਆਦਿ ਗ੍ਰੋ ਐਵੀਏਸ਼ਨ ਦੀ ਪੇਰੈਂਟ ਕੰਪਨੀ ਆਦਿਗਰੁੱਪ ਦੇ ਬਾਨੀ ਸੰਜੇ ਵਿਸ਼ਵਨਾਥਨ ਨੇ ਕਿਹਾ ਕਿ ਉਹ ਜੈੱਟ ਏਅਰਵੇਜ਼ ਨੂੰ ਪਟੜੀ 'ਤੇ ਲਿਆਉਣ ਲਈ ਏਤਿਹਾਦ ਦੇ ਨਾਲ ਸਾਂਝੇਦਾਰੀ ਕਾਇਮ ਕਰਨ ਦੇ ਇਛੁੱਕ ਹਨ। ਜੈੱਟ ਏਅਰਵੇਜ਼ ਦੇ ਰਿਵਾਇਵਲ ਲਈ ਆਦਿ ਗਰੁੱਪ ਨੇ ਯੋਜਨਾ ਬਣਾਈ ਹੈ, ਉਸਨੇ ਬੈਲੇਂਸ ਸ਼ੀਟ ਵਿਚ ਸੁਧਾਰ ਅਤੇ ਏਅਰਲਾਈਂਸ ਨੂੰ ਇਕ ਲਾਈਫਸਟਾਈਲ ਕੰਪਨੀ ਦੇ ਰੂਪ ਵਿਚ ਨਾ ਚਲਾਉਣ ਦਾ ਪ੍ਰਸਤਾਵ ਦਿੱਤਾ ਹੈ। ਸਮੂਹ ਨੇ ਕੁੱਲ 6 ਸੂਤਰੀ ਯੋਜਨਾ ਤਿਆਰ ਕੀਤੀ ਹੈ।

ਯੋਜਨਾ ਦੇ ਤਹਿਤ ਸਮੂਹ ਚਾਹੁੰਦਾ ਹੈ ਕਿ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਕੀਤੀ ਜਾਵੇ। ਇਸ ਦੇ ਬਦਲੇ ਉਨ੍ਹਾਂ ਨੂੰ ਕੰਪਨੀ ਦੇ ਸ਼ੇਅਰ ਹਿੱਸੇਦਾਰੀ ਦੀ ਪੇਸ਼ਕਸ਼ ਕੀਤੀ ਜਾਵੇ। ਉਨ੍ਹਾਂ ਨੇ ਕਿਹਾ, 'ਸਿਖਰ ਅਗਵਾਈ ਵਾਲੇ ਅਹੁਦਿਆਂ ਲਈ ਘੱਟੋ-ਘੱਟ 25 ਫੀਸਦੀ ਤੱਕ ਦੀ ਕਟੌਤੀ ਕਰਨ ਦੀ ਜ਼ਰੂਰਤ ਹੈ ਅਤੇ ਬਾਕੀਆਂ ਅਹੁਦਿਆਂ ਲਈ 10 ਫੀਸਦੀ ਤੱਕ ਦੀ ਤਨਖਾਹ ਕਟੌਤੀ ਦੀ ਯੋਜਨਾ ਬਣਾਈ  ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, ' ਅਸੀਂ ਇਕ ਵਿਵਹਾਰਕ ਕਟੌਤੀ ਦੀ ਗੱਲ ਕੀਤੀ ਹੈ ਪਰ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਅਸੀਂ ਇਕੁਇਟੀ ਦੇ ਰਹੇ ਹਾਂ। ਸਾਡੀ ਬੋਲੀ ਵਿਚ ਕਰਜ਼ਦਾਤਾ ਸਮੂਹ ਲਈ ਵੀ ਇਕੁਇਟੀ ਹਿੱਸੇਦਾਰੀ ਹੈ। ਇਸ ਦਾ ਮਤਲਬ ਹੈ ਕਿ ਉਹ ਨਾ ਸਿਰਫ ਆਪਣਾ ਪੈਸਾ ਵਸੂਲ ਸਕਣਗੇ ਸਗੋਂ ਇਕ ਵਾਰ ਏਅਰਲਾਈਨ ਪਟੜੀ 'ਤੇ ਆ ਗਈ ਤਾਂ ਉਨ੍ਹਾਂ ਨੂੰ ਮੁਨਾਫਾ ਵੀ ਮਿਲੇਗਾ।'

ਇਸ ਤੋਂ ਪਹਿਲਾਂ ਜੈੱਟ ਏਅਰਵੇਜ਼ ਦੇ ਕਰਜ਼ਾਦਾਤਿਆਂ ਦੀ ਅਗਵਾਈ ਕਰ ਰਹੇ ਸਟੇਟ ਬੈਂਕ ਨੇ ਬ੍ਰਿਟੇਨ ਸਥਿਤ ਕਾਰੋਬਾਰੀ ਜੇਸਨ ਉਨਸਵਰਥ ਮੁੰਬਈ ਸਥਿਤ ਡਾਰਵਿਨ ਪਲੇਟਫਾਰਮ ਗਰੁੱਪ ਅਤੇ ਲੰਡਨ ਸਥਿਤ ਆਦਿਗ੍ਰੋ ਐਵੀਏਸ਼ਨ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਸੀ। ਸ਼ੁੱਕਰਵਾਰ ਨੂੰ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੇ ਕਿਹਾ ਕਿ ਜੈੱਟ ਏਅਰਵੇਜ਼ ਦੀ ਬੋਲੀ ਪ੍ਰਕਿਰਿਆ ਲਈ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।


Related News