ਜਨਧਨ ਖ਼ਾਤਾਧਾਕਾਂ ਲਈ ਖ਼ੁਸ਼ਖ਼ਬਰੀ, ਜੂਨ ਤੋਂ ਬਾਅਦ ਵੀ ਜਾਰੀ ਰਹਿ ਸਕਦੀ ਹੈ ਇਹ ਯੋਜਨਾ
Tuesday, Jun 09, 2020 - 06:17 PM (IST)
ਨਵੀਂ ਦਿੱਲੀ : ਲਾਕਡਾਊਨ ਦੌਰਾਨ ਕਾਰੋਬਾਰ ਠੱਪ ਹੋਣ ਕਾਰਨ ਪੈਦਾ ਹੋਈ ਵਿੱਤੀ ਹਾਲਤ ਨਾਲ ਨਿੱਬੜਨ ਲਈ ਸਰਕਾਰ ਨੇ ਜਨਧਨ ਖ਼ਾਤਾਧਾਕ ਬੀਬੀਆਂ ਦੇ ਬੈਂਕ ਖਾਤੇ 'ਚ 500 ਰੁਪਏ ਮਹੀਨਾ ਜਮ੍ਹਾ ਕਰਨ ਦੀ ਯੋਜਨਾ ਚਾਲੂ ਕੀਤੀ ਸੀ। ਇਹ ਯੋਜਨਾ 3 ਮਹੀਨਿਆਂ ਲਈ ਸ਼ੁਰੂ ਕੀਤੀ ਗਈ ਸੀ, ਜੋ ਜੂਨ 'ਚ ਖਤਮ ਹੋਣ ਜਾ ਰਹੀ ਹੈ। ਇਸ ਯੋਜਨਾ ਨੂੰ ਜੂਨ ਤੋਂ ਬਾਅਦ ਵੀ ਜਾਰੀ ਰੱਖਿਆ ਜਾ ਸਕਦਾ ਹੈ।
ਇਕ ਮੀਡੀਆ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਦੇ ਕਈ ਅਧਿਕਾਰੀ ਇਸ ਯੋਜਨਾ ਨੂੰ ਚਾਲੂ ਰੱਖਣ ਦੀ ਵਕਾਲਤ ਕਰ ਰਹੇ ਹਨ। ਅੰਕੜਿਆਂ ਮੁਤਾਬਕ ਪਹਿਲੇ 2 ਮਹੀਨਿਆਂ 'ਚ 50 ਫੀਸਦੀ ਤੋਂ ਜ਼ਿਆਦਾ ਔਰਤਾਂ ਨੇ ਬੈਂਕ ਖਾਤੇ 'ਚ ਜਮ੍ਹਾ ਸਹਾਇਤਾ ਰਾਸ਼ੀ ਹੀ ਨਹੀਂ ਕੱਢੀ ਹੈ। ਖਰਾਬ ਵਿੱਤੀ ਹਾਲਾਤ ਨਾਲ ਨਿੱਬੜਨ ਲਈ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਜਨਧਨ ਯੋਜਨਾ ਦੇ ਬੈਂਕ ਖਾਤਿਆਂ ਜ਼ਰੀਏ ਗਰੀਬ ਔਰਤਾਂ ਨੂੰ ਇਹ ਆਰਥਿਕ ਮਦਦ ਦੇ ਰਹੀ ਹੈ। ਇਸ ਯੋਜਨਾ ਨਾਲ ਕਰੀਬ 20 ਕਰੋੜ ਔਰਤਾਂ ਨੂੰ ਲਾਭ ਮਿਲ ਰਿਹਾ ਹੈ।
ਪੀ. ਐੱਮ. ਓ. ਨੂੰ ਲੈਣਾ ਹੈ ਫੈਸਲਾ
ਅਧਿਕਾਰੀਆਂ ਮੁਤਾਬਕ ਇਸ ਯੋਜਨਾ ਨੂੰ ਜਾਰੀ ਰੱਖਣ ਦਾ ਅੰਤਿਮ ਫੈਸਲਾ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਨੂੰ ਲੈਣਾ ਹੈ। ਜੇਕਰ ਪੀ. ਐੱਮ. ਓ. ਇਸ ਯੋਜਨਾ ਦੇ ਦੂਜੇ ਰਾਊਂਡ ਦੀ ਮਨਜ਼ੂਰੀ ਦੇ ਦਿੰਦਾ ਹੈ ਤਾਂ ਇਹ ਯੂਨੀਵਰਸਲ ਬੇਸਿਕ ਇਨਕਮ ਸਟਰੱਕਚਰ ਦੇ ਵਰਗਾ ਕਦਮ ਹੋਵੇਗਾ। ਹਾਲਾਂਕਿ ਇਸ ਯੋਜਨਾ ਤਹਿਤ ਜਮ੍ਹਾ ਕੀਤੇ ਗਏ ਪੈਸਿਆਂ ਦੇ ਬੈਂਕ ਖਾਤਿਆਂ ਤੋਂ ਕੱਢਣ ਸਬੰਧੀ ਡਾਟਾ ਕਾਫੀ ਉਦਾਸੀਨ ਹੈ। ਹਾਲ ਹੀ 'ਚ ਨੀਤੀ ਆਯੋਗ ਵੱਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਮੁਤਾਬਕ ਦੇਸ਼ 'ਚ ਜਨਧਨ ਬੈਂਕ ਖਾਤਿਆਂ ਦੀ ਗਿਣਤੀ ਹੁਣ ਤੱਕ 38 ਕਰੋੜ ਦੇ ਕਰੀਬ ਹੋ ਗਈ ਹੈ। ਕਮਿਸ਼ਨ ਮੁਤਾਬਕ ਇਸ 'ਚੋਂ ਕਰੀਬ 53 ਫ਼ੀਸਦੀ ਬੈਂਕ ਖਾਤੇ ਔਰਤਾਂ ਦੇ ਹਨ। ਇਹ ਬੈਂਕ ਖਾਤੇ ਜ਼ੀਰੋ ਬੈਲੇਂਸ 'ਤੇ ਖੋਲ੍ਹੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਖੋਲ੍ਹਣ ਲਈ ਲਾਭਪਾਤਰੀ ਨੂੰ ਕੁੱਝ ਵੀ ਖਰਚ ਕਰਨਾ ਨਹੀਂ ਪੈਂਦਾ ਹੈ।