ਜੈਕ ਮਾ ਦੀ ਇਸ ਕੰਪਨੀ ਦੇ ਆਈ. ਪੀ. ਓ. ਨੂੰ ਭਾਰਤ ਦੀ GDP ਨਾਲੋਂ ਵੱਧ ਮਿਲੀ ਬੋਲੀ

Saturday, Oct 31, 2020 - 08:11 PM (IST)

ਜੈਕ ਮਾ ਦੀ ਇਸ ਕੰਪਨੀ ਦੇ ਆਈ. ਪੀ. ਓ. ਨੂੰ ਭਾਰਤ ਦੀ GDP ਨਾਲੋਂ ਵੱਧ ਮਿਲੀ ਬੋਲੀ

ਨਵੀਂ ਦਿੱਲੀ- ਚੀਨੀ ਦਿੱਗਜ ਕਾਰੋਬਾਰੀ ਜੈਕ ਮਾ ਦੀ ਕੰਪਨੀ ਐਂਟ ਗਰੁੱਪ ਦੇ ਆਈ. ਪੀ. ਓ. ਲਈ ਨਿਵੇਸ਼ਕਾਂ ਨੇ 3 ਲੱਖ ਕਰੋੜ ਡਾਲਰ ਦੀ ਬੋਲੀ ਲਾਈ ਹੈ। ਇਹ ਰਕਮ ਭਾਰਤ ਦੀ ਜੀ. ਡੀ. ਪੀ. ਨਾਲੋਂ ਵਧੇਰੇ ਹੈ। ਅਲੀਬਾਬਾ ਗਰੁੱਪ ਦੀ ਮਾਲਕੀਅਤ ਵਾਲੀ ਕੰਪਨੀ ਐਂਟ ਗਰੁੱਪ ਹਾਂਗਕਾਂਗ ਅਤੇ ਸ਼ੰਘਾਈ ਐਕਸਚੇਂਜਾਂ 'ਤੇ ਸੂਚੀਬੱਧ ਹੋਵੇਗੀ ਅਤੇ 5 ਨਵੰਬਰ 2020 ਤੋਂ ਇਸ ਦੇ ਸ਼ੇਅਰਾਂ ਦੀ ਟਰੇਡਿੰਗ ਸ਼ੁਰੂ ਹੋ ਜਾਵੇਗੀ। 

ਜੈਕ ਮਾ ਦੀ ਇਸ ਕੰਪਨੀ ਦੇ ਆਈ. ਪੀ. ਓ. ਨੂੰ ਇਹ ਸ਼ਾਨਦਾਰ ਹੁੰਗਾਰਾ ਉਸ ਸਮੇਂ ਮਿਲਿਆ ਹੈ ਜਦੋਂ 3 ਨਵੰਬਰ ਨੂੰ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਅਤੇ ਇਸ ਵਜ੍ਹਾ ਕਾਰਨ ਵਿਸ਼ਵਵਿਆਪੀ ਬਾਜ਼ਾਰ ਵਿਚ ਇਕ ਨਰਮ ਰੁਝਾਨ ਹੈ। ਐਂਟ ਗਰੁੱਪ ਨੇ ਆਈ. ਪੀ. ਓ. ਰਾਹੀਂ 34.4 ਅਰਬ ਡਾਲਰ ਯਾਨੀ 2.54 ਲੱਖ ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਸੀ। ਇਕ ਰਿਪੋਰਟ ਮੁਤਾਬਕ, ਇਸ ਦਾ ਆਈ. ਪੀ. ਓ. 284 ਗੁਣਾ ਵੱਧ ਸਬਸਕ੍ਰਾਈਬ ਹੋਇਆ ਹੈ। 

ਮਿਲ ਸਕਦਾ ਹੈ ਵਿਸ਼ਵ ਦੇ ਸਭ ਤੋਂ ਵੱਡੇ IPO ਦਾ ਤਮਗਾ-
ਜੈਕ ਮਾ ਦੇ ਐਂਟ ਗਰੁੱਪ ਦੀ ਮਾਰਕੀਟ ਕੀਮਤ ਲਗਭਗ 315 ਅਰਬ ਡਾਲਰ ਹੈ। ਇਸ ਦਾ ਮੁਲਾਂਕਣ ਮਿਸਰ ਦੀ ਜੀ. ਡੀ. ਪੀ. (303 ਅਰਬ ਡਾਲਰ) ਅਤੇ ਫਿਨਲੈਂਡ (269 ਅਰਬ ਡਾਲਰ) ਤੋਂ ਵੀ ਵੱਧ ਹੈ। ਮੰਨਿਆ ਜਾ ਰਿਹਾ ਹੈ ਕਿ ਐਂਟ ਗਰੁੱਪ ਦਾ ਇਹ ਆਈ. ਪੀ. ਓ. ਵਿਸ਼ਵ ਦਾ ਸਭ ਤੋਂ ਵੱਡਾ ਆਈ. ਪੀ. ਓ. ਸਾਬਤ ਹੋ ਸਕਦਾ ਹੈ। ਫਿਲਹਾਲ, ਇਹ ਰਿਕਾਰਡ ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਸਾਊਦੀ ਅਰਾਮਕੋ ਦੇ ਨਾਂ ਹੈ, ਜਿਸ ਨੇ ਪਿਛਲੇ ਸਾਲ ਹੀ ਆਈ. ਪੀ. ਓ. ਜ਼ਰੀਏ 29.4 ਅਰਬ ਡਾਲਰ ਜੁਟਾਏ ਸਨ। ਇਸ ਤੋਂ ਪਹਿਲਾਂ 2014 ਵਿਚ ਅਲੀਬਾਬਾ ਸਭ ਤੋਂ ਵੱਡੀ ਆਈ. ਪੀ. ਓ. ਵਾਲੀ ਕੰਪਨੀ ਬਣੀ ਸੀ। 2014 ਵਿਚ ਅਲੀਬਾਬਾ ਗਰੁੱਪ ਨੇ ਆਈ. ਪੀ. ਓ. ਜ਼ਰੀਏ 25 ਅਰਬ ਡਾਲਰ ਜੁਟਾਏ ਸਨ। ਮੰਨਿਆ ਜਾ ਰਿਹਾ ਹੈ ਕਿ ਜੈਕ ਮਾ ਐਂਟ ਫਾਈਨੈਸ਼ੀਅਲ ਦੀ ਲਿਸਟਿੰਗ ਪਿੱਛੋਂ ਦੁਨੀਆ ਦੇ 11ਵੇਂ ਸਭ ਤੋਂ ਅਮੀਰ ਵਿਅਕਤੀ ਬਣ ਸਕਦੇ ਹਨ।


author

Sanjeev

Content Editor

Related News