ਸਮੱਗਲਿੰਗ ਦਾ ਨੈੱਟਵਰਕ ਚਲਾਉਣ ਵਾਲੇ ਲੋਕਾਂ ਨੂੰ ਫੜਨ ਲਈ ਅੰਤਰ-ਸਰਕਾਰੀ ਸਹਿਯੋਗ ਜ਼ਰੂਰੀ : ਸੀਤਾਰਾਮਨ
Tuesday, Oct 31, 2023 - 12:09 PM (IST)
ਨਵੀਂ ਦਿੱਲੀ (ਭਾਸ਼ਾ)– ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸਮੱਗਲਿੰਗ ਨੈੱਟਵਰਕ ਚਲਾਉਣ ਵਾਲੇ (ਮਾਸਟਰਮਾਈਂਡ) ’ਤੇ ਨਕੇਲ ਕੱਸਣ ਅਤੇ ਨਾਜਾਇਜ਼ ਵਪਾਰ ’ਤੇ ਰੋਕ ਲਾਉਣ ਲਈ ਅੰਤਰ-ਸਰਕਾਰੀ ਸਹਿਯੋਗ ਦੀ ਮੰਗ ਕੀਤੀ ਹੈ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ) ਵਲੋਂ ਆਯੋਜਿਤ ਲਾਗੂ ਕਰਨ ਦੇ ਮਾਮਲਿਆਂ ਬਾਰੇ ਸਹਿਯੋਗ ’ਤੇ ਗਲੋਬਲ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸੀਤਾਰਾਮਨ ਨੇ ਕਿਹਾ ਕਿ ਕਸਟਮ ਅਧਿਕਾਰੀਆਂ ਨੂੰ ਨਾਜਾਇਜ਼ ਵਪਾਰ ਦੇ ਨੈੱਟਵਰਕ ’ਤੇ ਰੋਕ ਲਾਉਣ ਲਈ ਆਪਸ ਵਿਚ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਇਹ ਯਕੀਨੀ ਕਰਨ ’ਚ ਯਤਨ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ‘ਕਾਰਵਾਈ ਯੋਗ’ ਹੋਵੇ। ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ 50-60 ਸਾਲਾਂ ’ਚ ਸਮੱਗਲਿੰਗ ਜਾਂ ਨਾਜਾਇਜ਼ ਤਰੀਕੇ ਨਾਲ ਵਸਤਾਂ ਦੇ ਵਪਾਰ ਦੀ ਪ੍ਰਕ੍ਰਿਤੀ ’ਚ ਬਦਲਾਅ ਨਹੀਂ ਆਇਆ ਹੈ। ਹੁਣ ਵੀ ਬੇਸ਼ਕੀਮਤੀ ਧਾਤਾਂ, ਨਸ਼ੀਲੇ ਪਦਾਰਥ, ਜੰਗਲ ਜਾਂ ਸਮੁੰਦਰ ’ਚੋਂ ਨਿਕਲੇ ਕੀਮਤੀ ਭੰਡਾਰ ਦੀ ਹੀ ਸਮੱਗਲਿੰਗ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਅਜਿਹੇ ’ਚ ਮੋਟੇ ਤੌਰ ’ਤੇ ਸਮੱਗਲਿੰਗ ਵਾਲੀਆਂ ਵਸਤਾਂ ਪਹਿਲਾਂ ਵਾਂਗ ਹੀ ਹਨ। ਕੋਈ ਅਜਿਹਾ ਨਵਾਂ ਖੇਤਰ ਨਹੀਂ ਹੈ, ਜਿਨ੍ਹਾਂ ’ਤੇ ਕਸਟਮ ਅਧਿਕਾਰੀਆਂ ਨੂੰ ਹੈਰਾਨੀ ਹੋਵੇ। ਜੇ ਇਹ ਕਾਫ਼ੀ ਪਹਿਲਾਂ ਤੋਂ ਚੱਲ ਰਿਹਾ ਹੈ ਤਾਂ ਹੁਣ ਸਾਨੂੰ ਇਸ ਬਾਰੇ ਕਾਫ਼ੀ ਜਾਣਕਾਰੀ ਹੋਣੀ ਚਾਹੀਦੀ ਹੈ...ਇਸ ਦੇ ਪਿੱਛੇ ਕਿਹੜੀਆਂ ਤਾਕਤਾਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਵਿਸ਼ਵ ਕਸਟਮ ਸੰਗਠਨ (ਡਬਲਯੂ. ਸੀ. ਓ.) ਨਾਲ ਅੰਤਰ-ਸਰਕਾਰੀ ਸਹਿਯੋਗ ’ਤੇ ਕਾਫ਼ੀ ਜ਼ੋਰ ਦਿੰਦੀ ਹਾਂ। ਇਸ ਨਾਲ ਅਸੀਂ ਸਥਾਨਕ ਅਧਿਕਾਰੀਆਂ ਅਤੇ ਸਰਕਾਰਾਂ ਦੀ ਮਦਦ ਨਾਲ ਸਮੱਗਲਿੰਗ ਦੇ ਪਿੱਛੇ ਮੁੱਖ ਸਾਜਿਸ਼ਕਰਤਾ ਜਾਂ ਮਾਸਟਰਮਾਈਂਡ ਤੱਕ ਪਹੁੰਚ ਸਕਦੇ ਹਾਂ।
ਕਸਟਮ ਅਧਿਕਾਰੀ ਚੌਕਸ
ਉਨ੍ਹਾਂ ਨੇ ਕਿਹਾ ਕਿ ਵਸਤਾਂ ਦੇ ਨਾਜਾਇਜ਼ ਵਪਾਰ ’ਤੇ ਰੋਕ ਦੇ ਯਤਨਾਂ ਦੀ ਪੁਸ਼ਟੀ ਇਸ ਤੱਥ ਤੋਂ ਹੁੰਦੀ ਹੈ ਕਿ ਕਸਟਮ ਅਧਿਕਾਰੀ ਚੌਕਸ ਹਨ। ਉਨ੍ਹਾਂ ਨੇ ਸਮੱਗਲਿੰਗ ਦਾ ਕੁਝ ਸਾਮਾਨ ਰੋਕਿਆ ਹੈ ਅਤੇ ਜੋ ਸਾਮਾਨ ਉਨ੍ਹਾਂ ਨੇ ਫੜ੍ਹਿਆ ਹੈ, ਭਾਵੇਂ ਉਹ ਜਾਇਜ਼ ਹੀ ਕਿਉਂ ਨਹੀਂ ਹੈ, ਉਸ ਨੂੰ ਇਹ ਪੂਰੀ ਤਰ੍ਹਾਂ ਨਸ਼ਟ ਕਰ ਦਿੰਦੇ ਹਨ। ਇਹ ਉਨ੍ਹਾਂ ਦੇ ਸਮਰਪਣ ਨੂੰ ਦਰਸਾਉਂਦਾ ਹੈ। ਸੀਤਾਰਾਮਨ ਨੇ ਕਿਹਾ ਕਿ ਸਾਰੀਆਂ ਸਰਕਾਰਾਂ ਲਈ ਇਹ ਜਾਣਨਾ ਅਹਿਮ ਹੈ ਕਿ ਸਮੱਗਲਿੰਗ ਦੀਆਂ ਉਨ੍ਹਾਂ ਗਤੀਵਿਧੀਆਂ ਨੂੰ ਕਿਵੇਂ ਰੋਕਿਆ ਜਾਵੇ, ਜੋ ਸਾਡੀ ਜੰਗਲੀ ਵਨਸਪਤੀ ਅਤੇ ਜੀਵ-ਜੰਤੂਆਂ ਨੂੰ ਖ਼ਤਰੇ ’ਚ ਪਾ ਰਹੀਆਂ ਹਨ। ਸਮੱਗਲਿੰਗ ਰੋਕਣ ਵਾਲੇ ਲੋਕਾਂ ਦੀ ਸੋਚ ਹੈ ਕਿ ਅਸੀਂ ਸਿਰਫ਼ ਛੋਟੀਆਂ ਮੱਛੀਆਂ ਨੂੰ ਫੜ੍ਹ ਰਹੇ ਹਾਂ। ਪੁਲਸ ਜਾਂ ਕਸਟਮ ਅਧਿਕਾਰੀ ਵੱਡੀਆਂ ਮੱਛੀਆਂ ਨੂੰ ਫੜ੍ਹ ਨਹੀਂ ਪਾ ਰਹੇ ਹਨ।