IRCTC ਇਸ ਤਾਰੀਖ਼ ਤੋਂ ਸ਼ੁਰੂ ਕਰਨ ਜਾ ਰਿਹੈ 'ਸ਼੍ਰੀ ਰਾਮਾਇਣ ਯਾਤਰਾ' ਟਰੇਨ
Sunday, Sep 05, 2021 - 08:45 AM (IST)
ਨਵੀਂ ਦਿੱਲੀ- ਭਗਵਾਨ ਸ਼੍ਰੀ ਰਾਮ ਵਿਚ ਆਸਥਾ ਰੱਖਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਭਾਰਤੀ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਨੇ ਧਾਰਮਿਕ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ ਡੀਲਕਸ ਏ. ਸੀ. ਟੂਰਿਸਟ ਟਰੇਨ ਜ਼ਰੀਏ 'ਸ਼੍ਰੀ ਰਾਮਾਇਣ ਯਾਤਰਾ' ਦੀ ਸ਼ੁਰੂਆਤ ਕੀਤੀ ਹੈ। ਆਈ. ਆਰ. ਸੀ. ਟੀ. ਸੀ. ਨੇ ਭਾਰਤ ਸਰਕਾਰ ਦੀ ਪਹਿਲ "ਦੇਖੋ ਆਪਣਾ ਦੇਸ਼" ਨੂੰ ਉਤਸ਼ਾਹਤ ਕਰਨ ਲਈ ਇਹ ਵਿਸ਼ੇਸ਼ ਟੂਰਿਸਟ ਟਰੇਨ ਸ਼ੁਰੂ ਕੀਤੀ ਹੈ।
ਪ੍ਰੈੱਸ ਰਿਲੀਜ਼ ਅਨੁਸਾਰ, ਯਾਤਰਾ 7 ਨਵੰਬਰ ਨੂੰ ਦਿੱਲੀ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਵੇਗੀ ਅਤੇ ਭਗਵਾਨ ਸ਼੍ਰੀ ਰਾਮ ਦੇ ਜੀਵਨ ਨਾਲ ਜੁੜੇ ਸਾਰੇ ਪ੍ਰਮੁੱਖ ਸਥਾਨਾਂ ਦੀ ਯਾਤਰਾ ਨੂੰ ਕਵਰ ਕਰੇਗੀ।
ਇਹ ਟਰੇਨ ਪਹਿਲਾਂ ਸਿਰਫ ਸਲੀਪਰ ਕਲਾਸ ਨਾਲ ਚਲਾਈ ਜਾਂਦੀ ਸੀ। ਹੁਣ ਇਸ ਯਾਤਰਾ ਲਈ ਕਈ ਆਧੁਨਿਕ ਵਿਸ਼ੇਸ਼ਤਾਵਾਂ ਅਤੇ ਸਹੂਲਤਾਂ ਵਾਲੀ ਡੀਲਕਸ ਏ. ਸੀ. ਟੂਰਿਸਟ ਟਰੇਨ ਚਲਾਈ ਜਾਣੀ ਹੈ। ਇਹ ਯਾਤਰਾ 17 ਦਿਨਾਂ ਵਿਚ ਪੂਰੀ ਕੀਤੀ ਜਾਵੇਗੀ। ਅਯੁੱਧਿਆ ਪਹਿਲਾ ਸਥਾਨ ਹੋਵੇਗਾ ਜਿੱਥੇ ਸੈਲਾਨੀ ਸ਼੍ਰੀ ਰਾਮ ਜਨਮਭੂਮੀ ਮੰਦਰ ਅਤੇ ਹਨੂੰਮਾਨ ਮੰਦਰ ਤੇ ਨੰਦੀਗ੍ਰਾਮ ਵਿਚ ਭਰਤ ਮੰਦਰ ਦੇ ਦਰਸ਼ਨ ਕਰਨਗੇ। ਅਯੁੱਧਿਆ ਤੋਂ ਰਵਾਨਾ ਹੋ ਕੇ ਇਹ ਟਰੇਨ ਸੀਤਾਮੜ੍ਹੀ ਜਾਵੇਗੀ। ਇੱਥੋਂ ਟਰੇਨ ਫਿਰ ਵਾਰਾਣਸੀ ਲਈ ਰਵਾਨਾ ਹੋਵੇਗੀ। ਯਾਤਰਾ ਦਾ ਅੰਤਿਮ ਦੌਰ ਰਾਮੇਸ਼ਵਰਮ ਹੋਵੇਗਾ। ਰਾਮੇਸ਼ਵਰਮ ਤੋਂ ਇਹ 17ਵੇਂ ਦਿਨ ਦਿੱਲੀ ਵਾਪਸ ਪਹੁੰਚੇਗੀ। ਇਸ ਪੂਰੇ ਸਫਰ ਦੌਰਾਨ ਟਰੇਨ ਲਗਭਗ 7,500 ਕਿਲੋਮੀਟਰ ਦਾ ਰਸਤਾ ਤੈਅ ਕਰੇਗੀ।