IRCTC : ਟਿਕਟ ਬੁੱਕ ਕਰਨ ਲਈ ਹੁਣ ਹੋਵੇਗੀ ਆਧਾਰ, ਪੈਨ ਦੀ ਜ਼ਰੂਰਤ!
Tuesday, Jul 13, 2021 - 11:18 AM (IST)
ਨਵੀਂ ਦਿੱਲੀ- ਜੇਕਰ ਤੁਸੀਂ ਰੇਲਗੱਡੀ ਵਿਚ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਤੁਸੀਂ ਇਕ ਆਈ. ਆਰ. ਸੀ. ਟੀ. ਸੀ. ਅਕਾਊਂਟ ਤੋਂ ਮਹੀਨੇ ਵਿਚ 6 ਟਿਕਟਾਂ ਬੁੱਕ ਕਰ ਸਕਦੇ ਹੋ, ਇਸ ਤੋਂ ਜ਼ਿਆਦਾ ਟਿਕਟ ਬੁੱਕ ਕਰਨ ਲਈ ਤੁਹਾਨੂੰ ਆਪਣਾ ਅਕਾਊਂਟ ਆਧਾਰ ਨਾਲ ਲਿੰਕ ਕਰਨਾ ਹੁੰਦਾ ਹੈ। ਹੁਣ ਜਲਦ ਟਿਕਟ ਬੁਕਿੰਗ ਦਾ ਤਰੀਕਾ ਬਦਲਣ ਵਾਲਾ ਹੈ। ਹੁਣ IRCTC ਦੀ ਵੈੱਬਸਾਈਟ ਜਾਂ ਐਪ ਜ਼ਰੀਏ ਇਕ ਟਿਕਟ ਦੀ ਬੁਕਿੰਗ ਲਈ ਵੀ ਜਦੋਂ ਤੁਸੀਂ ਲਾਗਇਨ ਕਰੋਗੇ ਤਾਂ ਆਧਾਰ, ਪੈਨ ਜਾਂ ਪਾਸਪੋਰਟ ਨੰਬਰ ਭਰਨਾ ਪੈ ਸਕਦਾ ਹੈ।
IRCTC ਦਲਾਲਾਂ ਨੂੰ ਸਿਸਟਮ ਤੋਂ ਬਾਹਰ ਕਰਨ ਲਈ ਇਹ ਕਦਮ ਚੁੱਕਣ ਜਾ ਰਿਹਾ ਹੈ। ਭਾਰਤੀ ਰੇਲਵੇ ਖਾਣ-ਪੀਣ ਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਇਸ 'ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ।
ਰਿਪੋਰਟ ਮੁਤਾਬਕ, ਰੇਲਵੇ ਸੁਰੱਖਿਆ ਬਲ (ਆਰ. ਪੀ. ਐੱਫ.) ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਨੇ ਦੱਸਿਆ ਕਿ ਰੇਲਵੇ ਆਈ. ਆਰ. ਸੀ. ਟੀ. ਸੀ. ਨਾਲ ਮਿਲ ਕੇ ਟਿਕਟਾਂ ਦੀ ਬੁਕਿੰਗ ਦੇ ਫਰਜੀਵਾੜੇ ਨੂੰ ਰੋਕਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਇਸ ਲਈ ਲਾਗਇਨ ਕਰਦੇ ਸਮੇਂ ਪੈਨ, ਆਧਾਰ ਜਾਂ ਪਛਾਣ ਦੇ ਦੂਜੇ ਦਸਤਾਵੇਜ਼ਾਂ ਨੂੰ ਲਿੰਕ ਕਰਨ ਦਾ ਫ਼ੈਸਲਾ ਕੀਤਾ ਹੈ। ਜਲਦ ਹੋ ਸਕਦਾ ਹੈ ਕਿ ਅਗਲੀ ਵਾਰ ਜਦੋਂ ਤੁਸੀਂ ਆਨਲਾਈਨ ਰੇਲ ਟਿਕਟ ਬੁੱਕ ਕਰੋ ਤਾਂ ਤੁਹਾਨੂੰ ਆਧਾਰ ਜਾਂ ਪੈਨ ਕਾਰਡ ਦੀ ਜਾਣਕਾਰੀ ਭਰਨੀ ਪਵੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਸਾਰੀ ਪ੍ਰਣਾਲੀ ਕੰਮ ਕਰਨ ਲਈ ਤਿਆਰ ਹੋਵੇਗੀ, ਇਸ ਨੂੰ ਲਾਗੂ ਕਰਨ ਤੋਂ ਬਾਅਦ ਅਸੀਂ ਇਸ ਦੀ ਵਰਤੋਂ ਸ਼ੁਰੂ ਕਰ ਦੇਵਾਂਗੇ।