ਪਾਬੰਦੀਆਂ ਦੇ ਬਾਵਜੂਦ ਈਰਾਨ ਤੋਂ ਤੇਲ ਇੰਪੋਰਟ ’ਚ ਵਾਧਾ
Saturday, Apr 13, 2019 - 08:42 PM (IST)

ਨਵੀਂ ਦਿੱਲੀ- ਅਮਰੀਕਾ ਵਲੋਂ ਨਵੰਬਰ 2018 ’ਚ ਈਰਾਨ ’ਤੇ ਪਾਬੰਦੀ ਲਾਉਣ ਦੇ ਬਾਵਜੂਦ ਭਾਰਤੀ ਕੰਪਨੀਆਂ ਨੇ ਪਿਛਲੇ ਵਿੱਤੀ ਸਾਲ ’ਚ ਉਸ ਤੋਂ ਇਕ ਸਾਲ ਪਹਿਲਾਂ ਦੇ ਮੁਕਾਬਲੇ 5 ਫ਼ੀਸਦੀ ਜ਼ਿਆਦਾ ਤੇਲ ਇੰਪੋਰਟ ਕੀਤਾ ਹੈ। ਜਹਾਜ਼ਰਾਨੀ ਅਤੇ ਉਦਯੋਗ ਮੰਤਰਾਲਾ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਵਾਸ਼ਿੰਗਟਨ ਵਲੋਂ ਤੇਹਰਾਨ ਤੋਂ ਤੇਲ ਖਰੀਦ ’ਤੇ ਪਾਬੰਦੀ ਲਾਉਣ ਤੋਂ ਬਾਅਦ ਵੀ ਰਿਫਾਈਨਰਾਂ ਨੇ ਸਾਲ 2018-19 ’ਚ ਲਗਭਗ 4,79,500 ਬੈਰਲ ਰੋਜ਼ਾਨਾ ਤੇਲ ਇੰਪੋਰਟ ਕੀਤਾ ਜੋ ਇਕ ਸਾਲ ਪਹਿਲਾਂ 4,58,000 ਬੈਰਲ ਰੋਜ਼ਾਨਾ ਸੀ। ਅਮਰੀਕਾ ਨੇ ਨਵੰਬਰ ’ਚ ਈਰਾਨ ਤੋਂ ਤੇਲ ਖਰੀਦ ’ਤੇ ਪਾਬੰਦੀ ਲਾਈ ਸੀ ਪਰ 8 ਦੇਸ਼ਾਂ ਨੂੰ 6 ਮਹੀਨਿਆਂ ਦੀ ਛੋਟ ਦਿੱਤੀ ਗਈ ਸੀ। ਭਾਰਤ ਵੀ ਇਨ੍ਹਾਂ ਦੇਸ਼ਾਂ ’ਚ ਸ਼ਾਮਲ ਸੀ ਅਤੇ ਉਸ ਨੂੰ ਈਰਾਨ ਤੋਂ ਤੇਲ ਇੰਪੋਰਟ ਕਰਨ ਦੀ ਛੋਟ ਮਿਲੀ ਸੀ। ਅਮਰੀਕਾ ਨੇ ਭਾਰਤ ਨੂੰ ਮਈ ਮਹੀਨੇ ਤੱਕ ਲਗਭਗ 3,00,000 ਬੈਰਲ ਰੋਜ਼ਾਨਾ ਤੇਲ ਇੰਪੋਰਟ ਦੀ ਆਗਿਆ ਦਿੱਤੀ ਸੀ। ਅੰਕੜੇ ਦੱਸਦੇ ਹਨ ਕਿ ਮਾਰਚ ’ਚ ਈਰਾਨ ਤੋਂ ਭਾਰਤ ਦਾ ਤੇਲ ਇੰਪੋਰਟ ਵਧ ਕੇ ਲਗਭਗ 4,05,000 ਬੈਰਲ ਰੋਜ਼ਾਨਾ ਹੋ ਗਿਆ ਜੋ ਫਰਵਰੀ ਮਹੀਨੇ ਨਾਲੋਂ 56 ਫ਼ੀਸਦੀ ਜ਼ਿਆਦਾ ਹੈ। ਹਾਲਾਂਕਿ ਮਾਰਚ ਮਹੀਨੇ ਦਾ ਕੁਲ ਇੰਪੋਰਟ ਪਿਛਲੇ ਸਾਲ ਦੀ ਇਸੇ ਮਿਆਦ ’ਚ ਖਰੀਦੇ ਗਏ ਤੇਲ ਨਾਲੋਂ 6 ਫ਼ੀਸਦੀ ਘੱਟ ਹੈ।