ਕੋਰੋਨਾ ਕਾਰਨ ਤਾਲਾਬੰਦੀ ਨਾਲ ਇੰਡੀਅਨ ਆਇਲ ਨੂੰ ਲੱਗਾ ਵੱਡਾ ਝਟਕਾ

07/31/2020 4:12:36 PM

ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ. ਓ. ਸੀ. ਐੱਲ.) ਨੇ ਜੂਨ ਨੂੰ ਖਤਮ ਹੋਈ ਪਹਿਲੀ ਤਿਮਾਹੀ 'ਚ ਸ਼ੁੱਧ ਲਾਭ 'ਚ 47 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ। ਕੋਵਿਡ-19 ਮਹਾਮਾਰੀ ਕਾਰਨ ਈਂਧਣ ਦੀ ਮੰਗ ਪ੍ਰਭਾਵਿਤ ਹੋਣ ਕਾਰਨ ਕੰਪਨੀ ਦਾ ਰਿਫਾਈਨਿੰਗ ਮਾਰਜਨ ਘੱਟ ਹੋਣ ਨਾਲ ਉਸ ਦੇ ਮੁਨਾਫੇ ਨੂੰ ਨੁਕਸਾਨ ਹੋਇਆ ਹੈ।

 

ਸਟਾਕ ਐਕਸਚੇਂਜ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਇਸ ਤਿਮਾਹੀ ਦੌਰਾਨ ਉਸ ਦਾ ਮੁਨਾਫਾ 46.8 ਫੀਸਦੀ ਦੀ ਗਿਰਾਵਟ ਨਾਲ 1,910.84 ਕਰੋੜ ਰੁਪਏ ਜਾਂ 2.08 ਰੁਪਏ ਪ੍ਰਤੀ ਸ਼ੇਅਰ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਮੁਨਾਫਾ 3,596.11 ਕਰੋੜ ਰੁਪਏ ਜਾਂ 3.92 ਰੁਪਏ ਪ੍ਰਤੀ ਸ਼ੇਅਰ ਰਿਹਾ ਸੀ।

ਪਹਿਲੀ ਤਿਮਾਹੀ 'ਚ ਜ਼ਿਆਦਾਤਰ ਸਮਾਂ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ 'ਚ ਰਿਹਾ। ਇਸ ਦੌਰਾਨ ਵਾਹਨਾਂ ਦੀ ਆਵਾਜਾਈ ਤਕਰੀਬਨ ਬੰਦ ਸੀ। ਇਸ ਦੇ ਨਤੀਜੇ ਵਜੋਂ ਆਈ. ਓ. ਸੀ. ਦੀ ਵਿਕਰੀ ਤਿਮਾਹੀ ਦੌਰਾਨ 29 ਫੀਸਦੀ ਘੱਟ ਕੇ 1.52 ਕਰੋੜ ਟਨ ਰਹੀ। ਤਿਮਾਹੀ ਦੌਰਾਨ ਕੰਪਨੀ ਦੀਆਂ ਰਿਫਾਈਨਰੀਆਂ ਨੇ 24 ਫੀਸਦੀ ਘੱਟ ਯਾਨੀ 1.29 ਕਰੋੜ ਟਨ ਕੱਚੇ ਤੇਲ ਦੀ ਪ੍ਰੋਸੈਸਿੰਗ ਕੀਤੀ। ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਨੂੰ ਹਰੇਕ ਇਕ ਬੈਰਲ ਕੱਚੇ ਤੇਲ ਦੀ ਪ੍ਰੋਸੈਸਿੰਗ 'ਤੇ 1.98 ਡਾਲਰ ਦਾ ਘਾਟਾ ਹੋਇਆ।

ਕੰਪਨੀ ਦੀ ਸੰਚਾਲਨ ਆਮਦਨ ਜੂਨ ਤਿਮਾਹੀ 'ਚ ਘੱਟ ਕੇ 88,936.54 ਕਰੋੜ ਰੁਪਏ ਰਹਿ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 1,50,136.70 ਕਰੋੜ ਰੁਪਏ ਸੀ। ਕੰਪਨੀ ਨੇ ਕਿਹਾ ਕਿ ਅਪ੍ਰੈਲ 'ਚ ਦੇਸ਼ ਵਿਆਪੀ ਬੰਦ ਕਾਰਨ ਉਸ ਦੀ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਇਸ ਸਮੇਂ ਦੌਰਾਨ ਪਲਾਂਟਾਂ ਨੇ ਵੀ ਘੱਟ ਸਮਰੱਥਾ 'ਤੇ ਸੰਚਾਲਨ ਕੀਤਾ। ਹਾਲਾਂਕਿ, ਜੂਨ ਤੱਕ ਇਹ ਕਾਫ਼ੀ ਹੱਦ ਤੱਕ ਆਮ ਵਾਂਗ ਵਾਪਸ ਆ ਗਿਆ।


Sanjeev

Content Editor

Related News