ਇਨ੍ਹਾਂ 2 ਕੰਪਨੀਆਂ ਨੇ 5 ਦਿਨ 'ਚ ਨਿਵੇਸ਼ਕਾਂ ਨੂੰ ਕਰਵਾਈ 60,000 ਕਰੋੜ ਦੀ ਮੋਟੀ ਕਮਾਈ, ਰਿਲਾਇੰਸ ਵੀ ਰਹਿ ਗਈ ਪਿੱਛੇ
Sunday, Feb 09, 2025 - 04:14 PM (IST)
ਬਿਜ਼ਨੈੱਸ ਡੈਸਕ- ਸ਼ੇਅਰ ਬਾਜ਼ਾਰ ਦਾ ਪਿਛਲਾ ਹਫ਼ਤਾ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਹੈ। ਇਸ ਦੇ ਬਾਵਜੂਦ, ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ (ਸੈਂਸੈਕਸ ਟਾਪ-10 ਫਰਮਾਂ) ਵਿੱਚੋਂ 6 ਨੇ ਭਾਰੀ ਮੁਨਾਫ਼ਾ ਕਮਾਇਆ। ਸਿਰਫ਼ 5 ਦਿਨਾਂ ਦੇ ਕਾਰੋਬਾਰ ਵਿੱਚ ਦੋ ਕੰਪਨੀਆਂ ਦੇ ਨਿਵੇਸ਼ਕਾਂ ਨੇ 60,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਛਾਪੀ। ਜੀ ਹਾਂ, HDFC ਬੈਂਕ ਅਤੇ Bharti Airtel, ਜਿਨ੍ਹਾਂ ਦੇ ਮਾਰਕੀਟ ਕੈਪ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਉਥੇ ਹੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਨੇ ਵੀ ਮੁਨਾਫਾ ਕਮਾਇਆ ਹੈ ਪਰ ਪਿਛਲੇ ਹਫ਼ਤੇ ਕਮਾਈ ਦੇ ਮਾਮਲੇ ਵਿੱਚ ਇਹ ਦੋਵਾਂ ਤੋਂ ਬਹੁਤ ਪਿੱਛੇ ਰਹਿ ਗਈ।
HDFC ਬੈਂਕ ਨੇ ਕਰਵਾਈ ਸਭ ਤੋਂ ਵੱਧ ਕਮਾਈ
ਪਿਛਲੇ ਹਫ਼ਤੇ, ਸੈਂਸੈਕਸ ਦੀਆਂ ਚੋਟੀ ਦੀਆਂ 10 ਵਿੱਚੋਂ 6 ਕੰਪਨੀਆਂ ਦੀ ਮਾਰਕੀਟ ਵੈਲਿਊ 'ਚ ਸਾਂਝੇ ਰੂਪ ਵਿੱਚ 1,18,151.75 ਕਰੋੜ ਰੁਪਏ ਦਾ ਵਾਧਾ ਹੋਇਆ। ਜਦੋਂ ਕਿ 4 ਕੰਪਨੀਆਂ ਨੂੰ ਨੁਕਸਾਨ ਝੱਲਣਾ ਪਿਆ। ਇਸ ਦੌਰਾਨ, ਬੰਬੇ ਸਟਾਕ ਐਕਸਚੇਂਜ ਦਾ 30-ਸ਼ੇਅਰਾਂ ਵਾਲਾ ਸੈਂਸੈਕਸ ਇੰਡੈਕਸ 354.23 ਅੰਕ ਜਾਂ 0.45 ਫੀਸਦੀ ਵਧਿਆ।
ਆਪਣੇ ਨਿਵੇਸ਼ਕਾਂ ਲਈ ਭਾਰੀ ਮੁਨਾਫ਼ਾ ਕਮਾਉਣ ਵਾਲੀਆਂ ਕੰਪਨੀਆਂ ਵਿੱਚੋਂ ਸਭ ਤੋਂ ਵੱਡਾ ਨਿੱਜੀ ਖੇਤਰ ਦਾ ਬੈਂਕ HDFC ਬੈਂਕ ਸਿਖਰ 'ਤੇ ਸੀ। ਸਿਰਫ਼ 5 ਦਿਨਾਂ ਦੇ ਕਾਰੋਬਾਰ ਵਿੱਚ HDFC ਬੈਂਕ ਦੇ ਸ਼ੇਅਰਾਂ ਵਿੱਚ ਨਿਵੇਸ਼ਕਾਂ ਨੇ 32,639.98 ਕਰੋੜ ਰੁਪਏ ਕਮਾਏ ਅਤੇ ਬੈਂਕ ਦਾ ਮਾਰਕੀਟ ਕੈਪ ਵਧ ਕੇ 13,25,090.58 ਕਰੋੜ ਰੁਪਏ ਹੋ ਗਿਆ।
Airtel ਤੋਂ Reliance ਤਕ ਨੂੰ ਫਾਇਦਾ
ਨਿਵੇਸ਼ਕਾਂ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਹੋਰ ਕੰਪਨੀਆਂ ਬਾਰੇ ਗੱਲ ਕਰੀਏ ਤਾਂ ਭਾਰਤੀ ਏਅਰਟੈੱਲ (Bharti Airtel MCap) ਦਾ ਮਾਰਕੀਟ ਕੈਪ 31,003.44 ਕਰੋੜ ਰੁਪਏ ਵਧ ਕੇ 9,56,205.34 ਕਰੋੜ ਰੁਪਏ ਹੋ ਗਿਆ। ਇਸ ਤੋਂ ਇਲਾਵਾ, ਬਜਾਜ ਫਾਈਨੈਂਸ ਦਾ ਮਾਰਕੀਟ ਕੈਪ 29,032.08 ਕਰੋੜ ਰੁਪਏ ਵਧ ਕੇ 5,24,312.82 ਕਰੋੜ ਰੁਪਏ ਹੋ ਗਿਆ, ਜਦੋਂ ਕਿ ਇਨਫੋਸਿਸ ਦਾ ਮਾਰਕੀਟ ਮੁੱਲ 21,114.32 ਕਰੋੜ ਰੁਪਏ ਵਧ ਕੇ 7,90,074.08 ਕਰੋੜ ਰੁਪਏ ਹੋ ਗਿਆ। ਰਿਲਾਇੰਸ ਮਾਰਕੀਟ ਕੈਪ 2,977.12 ਕਰੋੜ ਰੁਪਏ ਵਧ ਕੇ 17,14,348.66 ਕਰੋੜ ਰੁਪਏ ਹੋ ਗਿਆ, ਜਦੋਂ ਕਿ ਆਈ.ਸੀ.ਆਈ.ਸੀ.ਆਈ. ਬੈਂਕ ਦਾ ਮਾਰਕੀਟ ਕੈਪ 1,384.81 ਕਰੋੜ ਰੁਪਏ ਵਧ ਕੇ 8,87,632.56 ਕਰੋੜ ਰੁਪਏ ਹੋ ਗਿਆ।
SBI ਤੋਂ TCS ਤਕ ਨਾ ਕਰਵਾਇਆ ਘਾਟਾ
ਦੂਜੇ ਪਾਸੇ, ਜੇਕਰ ਅਸੀਂ ਉਨ੍ਹਾਂ ਕੰਪਨੀਆਂ ਬਾਰੇ ਗੱਲ ਕਰੀਏ ਜਿਨ੍ਹਾਂ ਨੇ ਆਪਣੇ ਨਿਵੇਸ਼ਕਾਂ ਨੂੰ ਨੁਕਸਾਨ ਪਹੁੰਚਾਇਆ ਤਾਂ ਪਿਛਲੇ ਹਫ਼ਤੇ ਸਭ ਤੋਂ ਵੱਡਾ ਝਟਕਾ ਆਈ.ਟੀ.ਸੀ. ਲਿਮਟਿਡ ਨੇ ਦਿੱਤਾ। ਆਈ.ਟੀ.ਸੀ. ਦਾ ਮਾਰਕੀਟ ਕੈਪ 39,474.45 ਕਰੋੜ ਰੁਪਏ ਘਟ ਕੇ 5,39,129.60 ਕਰੋੜ ਰੁਪਏ ਰਹਿ ਗਿਆ।
ਇਸ ਤੋਂ ਇਲਾਵਾ, HUL ਦਾ ਮਾਰਕੀਟ ਕੈਪ 33,704.89 ਕਰੋੜ ਰੁਪਏ ਘਟ ਕੇ 5,55,361.14 ਕਰੋੜ ਰੁਪਏ ਰਹਿ ਗਿਆ।
ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਐੱਸ.ਬੀ.ਆਈ. ਦਾ ਮਾਰਕੀਟ ਕੈਪ 25,926.02 ਕਰੋੜ ਰੁਪਏ ਡਿੱਗ ਕੇ 6,57,789.12 ਕਰੋੜ ਰੁਪਏ ਰਹਿ ਗਿਆ, ਜਦੋਂ ਕਿ ਟਾਟਾ ਗਰੁੱਪ ਦੀ ਆਈ.ਟੀ. ਕੰਪਨੀ ਟੀ.ਸੀ.ਐੱਸ. ਦਾ ਮਾਰਕੀਟ ਮੁੱਲ 16,064.31 ਕਰੋੜ ਰੁਪਏ ਡਿੱਗ ਕੇ 14,57,854.09 ਕਰੋੜ ਰੁਪਏ ਰਹਿ ਗਿਆ।