ਅਮਰੀਕੀ ਟੈਰਿਫ ਦੇ ਐਲਾਨ ਤੋਂ ਬਾਅਦ ਨਿਵੇਸ਼ਕਾਂ ਦੀ ਜਾਇਦਾਦ 11.30 ਲੱਖ ਕਰੋੜ ਰੁਪਏ ਘਟੀ
Tuesday, Apr 15, 2025 - 01:42 AM (IST)

ਨਵੀਂ ਦਿੱਲੀ (ਭਾਸ਼ਾ) - ਬੀ. ਐੱਸ. ਈ. ਸੈਂਸੈਕਸ ’ਚ ਲੱਗਭਗ ਦੋ ਫੀਸਦੀ ਦੀ ਗਿਰਾਵਟ ਕਾਰਨ ਮਹੀਨੇ ਦੀ ਸ਼ੁਰੂਆਤ ਤੋਂ ਨਿਵੇਸ਼ਕਾਂ ਦੀ ਜਾਇਦਾਦ ’ਚ 11.30 ਲੱਖ ਕਰੋੜ ਰੁਪਏ ਘਟੀ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਟੈਰਿਫ ਯੋਜਨਾਵਾਂ ਦੀ ਘੋਸ਼ਣਾ ਅਤੇ ਚੀਨ ਅਤੇ ਅਮਰੀਕਾ ਵਿਚਕਾਰ ਵਪਾਰ ਯੁੱਧ ਦੀਆਂ ਵਧਦੀਆਂ ਚਿੰਤਾਵਾਂ ਕਾਰਨ ਸਟਾਕ ਬਾਜ਼ਾਰਾਂ ਵਿਚ ਹਾਲ ਹੀ ਦੇ ਦਿਨਾਂ ਵਿਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਹਨ।
ਬੀ. ਐੱਸ. ਈ. ਸੈਂਸੈਕਸ 2 ਅਪ੍ਰੈਲ ਤੋਂ ਹੁਣ ਤੱਕ 1,460.18 ਅੰਕ ਜਾਂ 1.90 ਫੀਸਦੀ ਤੱਕ ਡਿੱਗ ਗਿਆ ਹੈ। ਅਨਿਸ਼ਚਿਤਤਾ ਦੇ ਕਾਰਨ ਇਸ ਸਮੇਂ ਦੌਰਾਨ ਬੀ. ਐੱਸ. ਈ. ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) 11,30,627.09 ਕਰੋੜ ਰੁਪਏ ਘਟ ਕੇ 4,01,67,468.51 ਕਰੋੜ ਰੁਪਏ ਰਹਿ ਗਿਆ ਹੈ।
ਹਾਲਾਂਕਿ, ਅਮਰੀਕਾ ਵੱਲੋਂ ਵਾਧੂ ਦਰਾਮਦ ਡਿਊਟੀ ’ਤੇ ਆਪਣੇ ਫੈਸਲੇ ਨੂੰ 90 ਦਿਨਾਂ ਲਈ ਟਾਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਬਾਜ਼ਾਰ ਲੱਗਭਗ 2 ਫੀਸਦੀ ਤੱਕ ਉਛਲਿਆ ਸੀ। ਇਸ ਸਮੇਂ ਦੌਰਾਨ, 10 ਅਪ੍ਰੈਲ ਨੂੰ ਮਹਾਂਵੀਰ ਜਯੰਤੀ ਅਤੇ 14 ਅਪ੍ਰੈਲ ਨੂੰ ਅੰਬੇਡਕਰ ਜਯੰਤੀ ਦੇ ਮੌਕੇ ’ਤੇ ਵੀ ਬਾਜ਼ਾਰ ਬੰਦ ਰਹੇ।
ਲੈਮਨ ਮਾਰਕਿਟ ਡੈਸਕ ਦੇ ਵਿਸ਼ਲੇਸ਼ਕ, ਸਤੀਸ਼ ਚੰਦਰ ਅਲੂਰੀ ਨੇ ਕਿਹਾ ਕਿ ਅਮਰੀਕਾ ਵੱਲੋਂ ਦੁਨੀਆ ਭਰ ਵਿਚ ਵੱਡੇ ਪੱਧਰ ’ਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕਰਨ ਤੋਂ ਬਾਅਦ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਵਿਚ ਬਾਜ਼ਾਰ ਅਸਥਿਰ ਰਹੇ। ਗਲੋਬਲ ਬਾਜ਼ਾਰਾਂ ਵਿਚ ਤੇਜ਼ੀ ਨਾਲ ਗਿਰਾਵਟ ਦੇਖੀ ਗਈ ਹੈ ਅਤੇ ਭਾਰਤ ਵੀ ਵਿਕਰੀ ਤੋਂ ਕੋਈ ਅਪਵਾਦ ਨਹੀਂ ਰਿਹਾ ਹੈ, ਪਰ ਇਹ ਹੁਣ ਤੱਕ ਮੁਕਾਬਲਤਨ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ।