ਇਕਵਿਟੀ ਮਿਊਚੁਅਲ ਫੰਡ ’ਚ ਨਿਵੇਸ਼ ਜੂਨ ਤਿਮਾਹੀ ’ਚ 5 ਗੁਣਾ ਹੋ ਕੇ 94,151 ਕਰੋੜ ਰੁਪਏ ਰਿਹਾ
Monday, Jul 29, 2024 - 12:38 PM (IST)

ਨਵੀਂ ਦਿੱਲੀ (ਭਾਸ਼ਾ) - ਇਕਵਿਟੀ ਮਿਊਚੁਅਲ ਫੰਡ ’ਚ ਨਿਵੇਸ਼ ਜੂਨ, 2024 ’ਚ ਖਤਮ ਤਿਮਾਹੀ ’ਚ 5 ਗੁਣਾ ਹੋ ਕੇ 94,151 ਕਰੋਡ਼ ਰੁਪਏ ’ਤੇ ਪਹੁੰਚ ਗਿਆ ਹੈ। ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਇਹ ਅੰਕੜਾ 18,358 ਕਰੋਡ਼ ਰੁਪਏ ਸੀ। ਮਜ਼ਬੂਤ ਆਰਥਿਕ ਮਾਹੌਲ, ਸਰਕਾਰ ਦੀਆਂ ਅਨੁਕੂਲ ਮਾਲੀਆ ਨੀਤੀਆਂ, ਨਿਵੇਸ਼ਕਾਂ ਦਾ ਭਰੋਸਾ ਅਤੇ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ ਦਰਮਿਆਨ ਇਕਵਿਟੀ ਮਿਊਚੁਅਲ ਫੰਡ ਨੂੰ ਲੈ ਕੇ ਆਕਰਸ਼ਣ ਵਧਿਆ ਹੈ।
ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐੱਮਫੀ) ਦੇ ਅੰਕੜਿਆਂ ਅਨੁਸਾਰ, ਜੂਨ ’ਚ ਉਦਯੋਗ ਦੇ ਪ੍ਰਬੰਧਨ ਤਹਿਤ ਜਾਇਦਾਦਾਂ (ਏ. ਯੂ. ਐੱਮ.) 59 ਫੀਸਦੀ ਵਧ ਕੇ 27.68 ਲੱਖ ਕਰੋਡ਼ ਰੁਪਏ ਹੋ ਗਈਆਂ, ਜੋ ਇਕ ਸਾਲ ਪਹਿਲਾਂ 17.43 ਲੱਖ ਕਰੋਡ਼ ਰੁਪਏ ਸਨ। ਜਾਇਦਾਦ ਆਧਾਰ ’ਚ ਮਜ਼ਬੂਤ ਵਾਧੇ ਨਾਲ ਇਕਵਿਟੀ ਮਿਊਚੁਅਲ ਫੰਡ ਦੇ ਨਿਵੇਸ਼ਕਾਂ ਦੀ ਗਿਣਤੀ ਵੀ ਵਧੀ ਹੈ।
ਇਸ ਦੌਰਾਨ ਨਿਵੇਸ਼ਕ ਆਧਾਰ 3 ਕਰੋਡ਼ ਵਧਿਆ ਹੈ ਅਤੇ ਫੋਲੀਓ ਦੀ ਗਿਣਤੀ ਵਧ ਕੇ 13.3 ਕਰੋਡ਼ ਹੋ ਗਈ ਹੈ। ਐੱਮਫੀ ਦੇ ਅੰਕੜਿਆਂ ਅਨੁਸਾਰ, ਇਕਵਿਟੀ ਆਧਾਰਿਤ ਮਿਊਚੁਅਲ ਫੰਡ ਯੋਜਨਾਵਾਂ ’ਚ ਜੂਨ, 2024 ਨੂੰ ਖਤਮ ਤਿਮਾਹੀ ’ਚ 94,151 ਕਰੋਡ਼ ਰੁਪਏ ਦਾ ਨਿਵੇਸ਼ ਹੋਇਆ।
ਅਪ੍ਰੈਲ ’ਚ ਇਨ੍ਹਾਂ ਯੋਜਨਾਵਾਂ ’ਚ 18,917 ਕਰੋਡ਼ ਰੁਪਏ, ਮਈ ’ਚ 34,697 ਕਰੋਡ਼ ਰੁਪਏ ਅਤੇ ਜੂਨ ’ਚ 40,537 ਕਰੋਡ਼ ਰੁਪਏ ਦਾ ਨਿਵੇਸ਼ ਹੋਇਆ। ਇਕਵਿਟੀ ਮਿਊਚੁਅਲ ਫੰਡ ’ਚ ਨਿਵੇਸ਼ ਜੂਨ ਤਿਮਾਹੀ ’ਚ 5 ਗੁਣਾ ਹੋ ਕੇ 94,151 ਕਰੋਡ਼ ਰੁਪਏ ਹੋ ਗਿਆ। ਇਹ ਜੂਨ, 2023 ਨੂੰ ਖਤਮ ਤਿਮਾਹੀ ’ਚ 18,358 ਕਰੋਡ਼ ਰੁਪਏ ਸੀ। ਮਾਰਚ, 2024 ਦੀ ਪਿੱਛਲੀ ਤਿਮਾਹੀ ਦੀ ਤੁਲਣਾ ’ਚ ਜੂਨ ਤਿਮਾਹੀ ’ਚ ਨਿਵੇਸ਼ 32 ਫੀਸਦੀ ਜ਼ਿਆਦਾ ਰਿਹਾ ਹੈ।