ਹੁਣ ਕਰਨਾ ਪਵੇਗਾ ਲੰਮਾ ਇੰਤਜ਼ਾਰ, ਇਸ ਤਾਰੀਖ਼ ਤੱਕ ਕੌਮਾਂਤਰੀ ਉਡਾਣਾਂ ਰੱਦ
Monday, Aug 31, 2020 - 10:33 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ ਵਾਂਗ ਕੌਮਾਂਤਰੀ ਉਡਾਣਾਂ ਚੱਲਣ ਲਈ ਤੁਹਾਨੂੰ ਹੋਰ ਲੰਮਾ ਇੰਤਜ਼ਾਰ ਕਰਨਾ ਪਵੇਗਾ।
ਸਰਕਾਰ ਵੱਲੋਂ ਕੌਮਾਂਤਰੀ ਯਾਤਰੀ ਉਡਾਣਾਂ 'ਤੇ ਪਾਬੰਦੀ ਇਕ ਵਾਰ ਫਿਰ ਹੋਰ ਅੱਗੇ 30 ਸਤੰਬਰ ਤੱਕ ਲਈ ਵਧਾ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਭਾਰਤੀ ਹਵਾਬਾਜ਼ੀ ਰੈਗੂਲੇਟਰ ਯਾਨੀ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਸੋਮਵਾਰ ਨੂੰ ਦਿੱਤੀ।
ਡੀ. ਜੀ. ਸੀ. ਏ. ਮੁਤਾਬਕ, ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ 30 ਸਤੰਬਰ, 2020 ਤੱਕ ਕੌਮਾਂਤਰੀ ਉਡਾਣਾਂ ਮੁੱਅਤਲ ਰਹਿਣਗੀਆਂ। ਹਾਲਾਂਕਿ, ਇਹ ਹੁਕਮ ਉਨ੍ਹਾਂ ਉਡਾਣਾਂ 'ਤੇ ਲਾਗੂ ਨਹੀਂ ਹੋਵੇਗਾ, ਜੋ ਡੀ. ਜੀ. ਸੀ. ਏ. ਤੋਂ ਇਜਾਜ਼ਤ ਲੈ ਕੇ ਉਡਾਣ ਭਰ ਰਹੀਆਂ ਹਨ।
ਭਾਰਤ 'ਚ ਸ਼ਡਿਊਲਡ ਕੌਮਾਂਤਰੀ ਯਾਤਰੀ ਉਡਾਣ ਸੇਵਾਵਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਹਿਲੀ ਵਾਰ 23 ਮਾਰਚ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਪਿੱਛੋਂ ਇਸ ਨੂੰ ਕਈ ਵਾਰ ਅੱਗਿਆ ਵਧਾਇਆ ਜਾ ਚੁੱਕਾ ਹੈ। ਹਾਲਾਂਕਿ, ਵਿਦੇਸ਼ਾਂ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਤਹਿਤ ਮਈ ਤੋਂ ਅਤੇ 'ਏਅਰ ਬੱਬਲ' ਸਮਝੌਤੇ ਤਹਿਤ ਜੁਲਾਈ ਤੋਂ ਵਿਸ਼ੇਸ਼ ਉਡਾਣਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਕੁਝ ਮਾਰਗਾਂ 'ਤੇ ਨਿਯਮਤ ਤੌਰ 'ਤੇ ਕੌਮਾਂਤਰੀ ਉਡਾਣਾਂ ਦੀ ਮਨਜ਼ੂਰੀ ਵੀ ਦਿੱਤੀ ਜਾ ਸਕਦੀ ਹੈ।