ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਮਿਲ ਕੇ ਕੌਮਾਂਤਰੀ ਵਿੱਤੀ ਕਦਮ ਚੁੱਕੇ ਜਾਣ : ਕ੍ਰਿਸਟਲੀਨਾ
Tuesday, Mar 17, 2020 - 10:24 AM (IST)
 
            
            ਵਾਸ਼ਿੰਗਟਨ — ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਦੀ ਮੁਖੀ ਕ੍ਰਿਸਟਲੀਨਾ ਜਾਰਜੀਵਾ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਕੌਮਾਂਤਰੀ ਪੱਧਰ ’ਤੇ ਫੈਲੀ ਮਹਾਮਾਰੀ ਨਾਲ ਪੈਦਾ ਹੋਏ ਹਾਲਾਤ ਦਾ ਸਾਹਮਣਾ ਕਰਨ ਲਈ ਸਰਕਾਰਾਂ ਦਾ ਇਕੱਠੇ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਅਰਥਵਿਵਸਥਾ ਨੂੰ ਇਸ ਸੰਕਟ ’ਚੋਂ ਕੱਢਣ ਲਈ ਮਿਲ ਕੇ ਉਸੇ ਤਰ੍ਹਾਂ ਜ਼ੋਰਦਾਰ ਤਰੀਕੇ ਨਾਲ ਖਰਚ ਕਰਨ ਦੀ ਜ਼ਰੂਰਤ ਹੈ ਜਿਵੇਂ 2008 ਦੇ ਵਿੱਤੀ ਸੰਕਟ ਦੇ ਸਮੇਂ ਕੀਤਾ ਗਿਆ ਸੀ।
ਆਈ. ਐੱਮ. ਐੱਫ. ਮੁਖੀ ਨੇ ਆਪਣੇ ਇਕ ਬਲਾਗ ’ਚ ਲਿਖਿਆ ਹੈ ਕਿ ਇਸ ਸਮੇਂ ਉੱਭਰਦੇ ਬਾਜ਼ਾਰਾਂ ਵਾਲੀਆਂ ਅਰਥਵਿਵਸਥਾਵਾਂ ਨੂੰ ਵੀ ਮਦਦ ਦੀ ਜ਼ਰੂਰਤ ਹੈ ਕਿਉਂਕਿ ਉਨ੍ਹਾਂ ਦੇ ਇੱਥੋਂ ਇਸ ਸਮੇਂ ਨਕਦੀ ਦੀ ਬਹੁਤ ਜ਼ਿਆਦਾ ਨਿਕਾਸੀ ਹੋ ਰਹੀ ਹੈ। ਉਨ੍ਹਾਂ ਕਿਹਾ ਹੈ, ‘‘ਵਾਇਰਸ ਦੇ ਪ੍ਰਸਾਰ ਨੂੰ ਵੇਖਦਿਆਂ ਦੇਸ਼ਾਂ ਦੀਆਂ ਨਿੱਜੀ ਕੋਸ਼ਿਸ਼ਾਂ ਤੋਂ ਵੀ ਅੱਗੇ ਵਧ ਕੇ ਇਸ ਸਮੇਂ ਕੌਮਾਂਤਰੀ ਪੱਧਰ ’ਤੇ ਇਕ ਲੜੀਬੱਧ ਅਤੇ ਸੁਚਾਰੂ ਵਿੱਤੀ ਪ੍ਰੋਤਸਾਹਨ ਦੀ ਲੋੜ ਦਾ ਜ਼ਿਆਦਾ ਮਜ਼ਬੂਤ ਤਰਕ ਬਣਦਾ ਹੈ।’’ ਇਸ ਦਰਮਿਆਨ ਕੋਰੋਨਾ ਵਾਇਰਸ ਸੰਕਟ ਦੌਰਾਨ ਨਿਵੇਸ਼ਕ ਉੱਭਰਦੇ ਬਾਜ਼ਾਰਾਂ ਤੋਂ 42 ਅਰਬ ਡਾਲਰ ਦੀ ਭਾਰੀ-ਭਰਕਮ ਪੂੰਜੀ ਕੱਢ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਨਿਕਾਸੀ ਹੈ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            