ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਲਈ ਇਨਫ੍ਰਾਸਟ੍ਰਕਚਰ ਸੈਕਟਰ ਨੂੰ ਹੁਲਾਰਾ
Friday, Jun 10, 2022 - 01:30 PM (IST)
ਸ਼ਾਸਨ ਦਾ ਮੁੱਖ ਆਧਾਰ ਆਰਥਿਕ ਵਿਕਾਸ ਕਰਨਾ ਅਤੇ ਵਿਕਾਸ ਦੇ ਲਾਭਾਂ ਨੂੰ ਸਾਰਿਆਂ ਤੱਕ ਫੈਲਾਉਣਾ ਹੈ। ਜੀਵਨ ਦੀ ਬਿਹਤਰ ਗੁਣਵੱਤਾ ਅਤੇ ‘ਈਜ਼ ਆਫ ਲਿਵਿੰਗ’ ਉਨ੍ਹਾਂ ਨੀਤੀਆਂ ਦਾ ਨਤੀਜਾ ਹੈ, ਜਿਨ੍ਹਾਂ ਦਾ ਉਦੇਸ਼ ਨਵੇਂ ਆਰਥਿਕ ਮੌਕਿਆਂ ਲਈ ਸਹੀ ਹਾਲਤਾਂ ਦਾ ਨਿਰਮਾਣ ਕਰਨਾ ਹੈ। ਉੱਚ ਆਰਥਿਕ ਵਿਕਾਸ ਨਾਲ ਸਮਾਜਿਕ ਵਿਕਾਸ ਲਈ ਵੱਧ ਧਨ ਮੁਹੱਈਆ ਹੁੰਦਾ ਹੈ, ਜੋ ਅਖੀਰ ਸਾਨੂੰ ਤਰੱਕੀ ਅਤੇ ਵਿਕਾਸ ਦੇ ਇਕ ਬਿਹਤਰ ਚੱਕਰ ਵਿਚ ਲੈ ਜਾਂਦਾ ਹੈ। ਸਾਡੇ ਕੁਲ ਘਰੇਲੂ ਉਤਪਾਦ ਲਈ 5 ਟ੍ਰਿਲੀਅਨ ਅਮਰੀਕੀ ਡਾਲਰ ਦਾ ਟੀਚਾ ਇਕ ਅਭਿਲਾਸ਼ੀ ਟੀਚਾ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਦੀ ਰਣਨੀਤੀ ਵਿਕਾਸ ਲਈ ਇਕ ਈਕੋ-ਸਿਸਟਮ ਬਣਾਉਣ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਦੀ ਨੀਂਹ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਆਤਮਨਿਰਭਰ ਭਾਰਤ ’ਤੇ ਹੈ। ਅਸੀਂ ਆਜ਼ਾਦੀ ਦੇ 75 ਸਾਲ ਦਾ ਉਤਸਵ-ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾਉਣ ਦੇ ਨਾਲ-ਨਾਲ, ਅਸੀਂ ਇਕ ਅਭਿਲਾਸ਼ੀ ਵਿਕਾਸ ਯਾਤਰਾ ਸ਼ੁਰੂ ਕੀਤੀ ਹੈ।
2014 ਤੋਂ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਸਰਕਾਰ ਦੇ ਯਤਨਾਂ ਦੇ ਕੇਂਦਰ ਵਿਚ ਰਿਹਾ ਹੈ। ਨਾ ਸਿਰਫ ਭੌਤਿਕ ਬੁਨਿਆਦੀ ਢਾਂਚੇ ’ਤੇ ਸਗੋਂ ਡਿਜੀਟਲ ਬੁਨਿਆਦੀ ਢਾਂਚੇ ’ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਯੂ. ਪੀ. ਆਈ. ਪਹਿਲ ਰਾਹੀਂ ਬਣਾਇਆ ਗਿਆ ਡਿਜੀਟਲ ਬੁਨਿਆਦੀ ਢਾਂਚਾ ਇਕ ਸ਼ਾਨਦਾਰ ਸਫਲਤਾ ਹੈ।
ਆਰਥਿਕ ਵਿਕਾਸ ’ਤੇ ਇਸ ਦੇ ਗੁਣਕ ਪ੍ਰਭਾਵ ਦੇ ਨਾਲ ਭੌਤਿਕ ਬੁਨਿਆਦੀ ਢਾਂਚੇ ਦਾ ਨਿਰਮਾਣ ਵੀ ਓਨਾ ਹੀ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਇਨਫ੍ਰਾਸਟ੍ਰਕਚਰ ਵਿਚ ਨਿਵੇਸ਼ ਉੱਤੇ ਜ਼ੋਰ ਦੇ ਰਹੀ ਹੈ।
ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਜ਼ਰੂਰੀ ਵੱਡੇ ਪੈਮਾਨੇ ’ਤੇ ਨਿਵੇਸ਼ ਨੂੰ ਧਿਆਨ ਵਿਚ ਰੱਖਦੇ ਹੋਏ, ਸਾਰੇ ਬੁਨਿਆਦੀ ਵਿਕਾਸ ਪ੍ਰਾਜੈਕਟਾਂ ਦਾ ਇਕ ਸਪੱਸ਼ਟ ਰੋਡਮੈਪ ਤਿਆਰ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਜਿਨ੍ਹਾਂ ਨੂੰ ਸ਼ੁਰੂ ਕੀਤਾ ਜਾਣਾ ਸੀ। ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ (ਐੱਨ. ਆਈ. ਪੀ.) ਹੋਂਦ ਵਿਚ ਆਈ, ਜਿਸ ਵਿਚ ਪ੍ਰਾਜੈਕਟਾਂ ਲਈ 111 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਲੋੜ ਸੀ। ਹਾਲ ਹੀ ’ਚ ਸ਼ੁਰੂ ਕੀਤੇ ਗਏ ਗਤੀ ਸ਼ਕਤੀ ਪ੍ਰੋਗਰਾਮ ਦੇ ਨਾਲ ਐੱਨ. ਆਈ. ਪੀ. ਬਿਹਤਰ ਤਾਲਮੇਲ ਅਤੇ ਯੋਜਨਾ ਦੇ ਅਾਧਾਰ ’ਤੇ ਪੂਰਾ ਦ੍ਰਿਸ਼ਟੀਕੋਣ ਅਤੇ ਸਮੇਂ ’ਤੇ ਵੰਡ ਯਕੀਨੀ ਕਰੇਗਾ।
ਭਾਰਤਮਾਲਾ ਪ੍ਰੋਗਰਾਮ ਨੇ ਸਾਨੂੰ ਸੰਗਠਿਤ ਢੰਗ ਨਾਲ ਰਾਜਮਾਰਗ ਵਿਕਾਸ ਦਾ ਖਾਕਾ ਦਿੱਤਾ। ਇਸ ਪ੍ਰੋਗਰਾਮ ਵਿਚ ਰਾਸ਼ਟਰੀ ਰਾਜਮਾਰਗਾਂ ਦੇ 34,800 ਕਿਲੋਮੀਟਰ ਦੇ ਨਿਰਮਾਣ ਦੀ ਕਲਪਨਾ ਕੀਤੀ ਗਈ ਸੀ। ਇਹ ਪ੍ਰੋਗਰਾਮ ਕਾਰੀਡੋਰ-ਅਾਧਾਰਿਤ ਰਾਸ਼ਟਰੀ ਰਾਜਮਾਰਗ ਵਿਕਾਸ ਦੀ ਨਕਲ ਕਰਦਾ ਹੈ, ਜੋ ਦੇਸ਼ ਦੇ 550 ਤੋਂ ਵੱਧ ਜ਼ਿਲਿਆਂ ਨੂੰ ਜੋੜਦਾ ਹੈ ਅਤੇ ਰਾਸ਼ਟਰੀ ਰਾਜਮਾਰਗਾਂ ’ਤੇ ਕੁੱਲ ਮਾਲ ਢੁਆਈ ਵਿਚ ਇਸ ਦਾ 70-80 ਫ਼ੀਸਦੀ ਹਿੱਸਾ ਹੈ।
ਰਸਦ ਲਾਗਤ ਨੂੰ ਘੱਟ ਕਰਨ ਦੇ ਮਾਮਲੇ ਵਿਚ ਗੇਮ ਚੇਂਜਰ ਪ੍ਰਮੁੱਖ ਕਾਰਗੋ ਮੂਲ-ਡੈਸਟੀਨੇਸ਼ਨ ਕੇਂਦਰਾਂ ਨੂੰ ਜੋੜਨ ਵਾਲੇ ਕੰਟਰੋਲਡ ਗ੍ਰੀਨਫੀਲਡ ਐਕਸਪ੍ਰੈੱਸਵੇਅ ਦਾ ਨਿਰਮਾਣ ਕਰ ਰਿਹਾ ਹੈ। ਨਤੀਜੇ ਵਜੋਂ, 3.6 ਲੱਖ ਕਰੋੜ ਰੁਪਏ ਦੀ ਕੁੱਲ ਪੂੰਜੀਗਤ ਲਾਗਤ ਉੱਤੇ ਭਾਰਤਮਾਲਾ ਪੜਾਅ 1 ਦੇ ਹਿੱਸੇ ਦੇ ਰੂਪ ਵਿਚ 5 ਪ੍ਰਮੁੱਖ ਐਕਸਪ੍ਰੈੱਸਵੇਅ ਅਤੇ 17 ਐਕਸੈਸ-ਕੰਟਰੋਲਡ ਕਾਰੀਡੋਰ ਵਿਕਸਿਤ ਕੀਤੇ ਜਾ ਰਹੇ ਹਨ। ਹੁਣ ਸਾਡੇ ਲਈ ਭਾਰਤਮਾਲਾ ਪ੍ਰੋਗਰਾਮ ਦੇ ਦੂਜੇ ਪੜਾਅ ਨੂੰ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ ਅਤੇ ਦੇਸ਼ ਭਰ ਦੇ ਲੋਕਾਂ ਦੀਆਂ ਉਮੀਦਾਂ ਨੂੰ ਦੇਖਦੇ ਹੋਏ ਸਾਡੀ ਉੱਚ ਪੱਧਰ ਦੀ ਖਾਹਿਸ਼ ਹੈ।
ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਦੀ ਗਤੀ ਵਿੱਤੀ ਵਰ੍ਹੇ 2009-10 ਤੋਂ ਵਿੱਤੀ ਵਰ੍ਹੇ 2013-14 ਤੱਕ ਔਸਤਨ 5,900 ਕਿਲੋਮੀਟਰ ਪ੍ਰਤੀ ਸਾਲ ਨਾਲੋਂ ਲਗਭਗ ਦੁੱਗਣੀ ਹੋ ਕੇ ਵਿੱਤੀ ਵਰ੍ਹੇ 2014-15 ਤੋਂ 11,000 ਕਿਲੋਮੀਟਰ ਪ੍ਰਤੀ ਸਾਲ ਹੋ ਗਈ ਹੈ। ਇਸ ਤਰ੍ਹਾਂ ਵਿੱਤੀ ਵਰ੍ਹੇ 2014-15 ਦੇ ਬਾਅਦ ਤੋਂ ਸਾਲਾਨਾ ਨਿਰਮਾਣ ਦੀ ਗਤੀ 1.8 ਗੁਣਾ ਵਧ ਕੇ 9,000 ਕਿਲੋਮੀਟਰ ਪ੍ਰਤੀ ਸਾਲ ਹੋ ਗਈ ਹੈ, ਜਦੋਂ ਕਿ ਵਿੱਤੀ ਵਰ੍ਹੇ 2009-10 ਤੋਂ ਵਿੱਤੀ ਵਰ੍ਹੇ 2013-14 ਤੱਕ ਦਰਮਿਆਨ ਪ੍ਰਤੀ ਸਾਲ 4,900 ਕਿਲੋਮੀਟਰ ਦਾ ਨਿਰਮਾਣ ਕੀਤਾ ਗਿਆ ਸੀ।
ਮਲਟੀਮਾਡਲ ਲੌਜਿਸਟਿਕਸ ਪਾਰਕ (ਐੱਮ. ਐੱਮ. ਐੱਲ. ਪੀ.) ਪੀ. ਐੱਮ. ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਵਿਚ ਨਿਰਧਾਰਿਤ ਵਿਜ਼ਨ ਦੇ ਅਨੁਸਾਰ ਸੰਗਠਿਤ ਅਤੇ ਨਿਪੁੰਨ ਟ੍ਰਾਂਸਪੋਰਟ ਯਕੀਨੀ ਕਰਨ ਲਈ ਮਹੱਤਵਪੂਰਨ ਸਮਰਥਕ ਹਨ। ਦੇਸ਼ ਭਰ ਵਿਚ ਰਸਦ ਖੇਤਰ ਵਿਚ ਅਸਮਰੱਥਾਵਾਂ ਨੂੰ ਦੂਰ ਕਰਨ ਲਈ 35 ਰਣਨੀਤਕ ਸਥਾਨਾਂ (ਜਿਵੇਂ ਜੋਗੀਘੋਪਾ, ਨਾਗਪੁਰ, ਚੇਨਈ, ਇੰਦੌਰ, ਬੈਂਗਲੁਰੂ ਆਦਿ) ਵਿਚ ਐੱਮ. ਐੱਮ. ਐੱਲ. ਪੀ. ਵਿਕਸਿਤ ਕੀਤੇ ਜਾ ਰਹੇ ਹਨ। ਇਹ 35 ਐੱਮ. ਐੱਮ. ਐੱਲ. ਪੀ. ਦੇਸ਼ ਦੇ 50 ਫ਼ੀਸਦੀ ਤੋਂ ਵੱਧ ਸੜਕ ਦੁਆਰਾ ਮਾਲ ਢੁਆਈ ਦੀਆਂ ਲੋੜਾਂ ਨੂੰ ਪੂਰਾ ਕਰਨਗੇ।
ਸ਼੍ਰੀਨਗਰ-ਲੇਹ ਸੜਕ ਉੱਤੇ 14.96 ਕਿਲੋਮੀਟਰ ਦੀ ਜੋਜ਼ਿਲਾ ਸੁਰੰਗ ਲੱਦਾਖ ਵਿਚ ਬਾਲਟਾਲ (ਸੋਨਮਰਗ) ਅਤੇ ਮੀਨਾਮਾਰਗ ਦੇ ਦਰਮਿਆਨ ਦੀ ਦੂਰੀ ਨੂੰ 40 ਕਿਲੋਮੀਟਰ ਤੋਂ ਘਟਾ ਕੇ 13 ਕਿਲੋਮੀਟਰ ਤੱਕ ਘੱਟ ਕਰ ਦੇਵੇਗੀ ਅਤੇ ਯਾਤਰਾ ਵਿਚ ਲੱਗਣ ਵਾਲੇ ਸਮੇਂ ਨੂੰ ਤਿੰਨ ਘੰਟੇ ਤੋਂ ਘਟਾ ਕੇ 15 ਮਿੰਟ ਕਰ ਦੇਵੇਗੀ।
ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਦੇ ਹਿੱਸੇ ਦੇ ਰੂਪ ਵਿਚ, ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨ. ਐੱਚ. ਏ. ਆਈ.) ਨੇ ਸੜਕ ਪ੍ਰਾਜੈਕਟਾਂ ਦੇ ਮੁਦਰੀਕਰਨ ਲਈ ਆਪਣਾ ਆਈ. ਐੱਨ. ਵੀ. ਆਈ. ਟੀ. ਲਾਂਚ ਕੀਤਾ ਹੈ। ਸੰਪਤੀਆਂ ਦੀ ਲੰਮੀ ਮਿਆਦ ਦੀ ਪ੍ਰਕਿਰਤੀ ਨੂੰ ਧਿਆਨ ਵਿਚ ਰੱਖਦੇ ਹੋਏ, ਆਈ. ਐੱਨ. ਵੀ. ਆਈ. ਟੀ. ਦੀਆਂ ਇਕਾਈਆਂ ਨੂੰ ਅੰਤਰਰਾਸ਼ਟਰੀ ਅਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੇ ਨਾਲ ਰੱਖਿਆ ਗਿਆ ਸੀ। 5 ਸੜਕਾਂ ਵਾਲੇ ਸ਼ੁਰੂਆਤੀ ਪੋਰਟਫੋਲੀਓ ਵਿਚ ਵਿਦੇਸ਼ੀ ਨਿਵੇਸ਼ਕਾਂ ਤੋਂ 50 ਫ਼ੀਸਦੀ ਨਿਵੇਸ਼ ਦੇ ਨਾਲ 8,000 ਕਰੋੜ ਰੁਪਏ ਜੁਟਾਏ ਗਏ।
ਅੰਤ ਵਿਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਬੁਨਿਆਦੀ ਢਾਂਚੇ ਦਾ ਵਿਕਾਸ ਕਰਦੇ ਹੋਏ ਵਾਤਾਵਰਣ ਦੀ ਰੱਖਿਆ ਕਰਨਾ ਇਕ ਵਧੀਆ ਸੰਤੁਲਨਕਾਰੀ ਕਾਰਜ ਹੈ। ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਵਾਤਾਵਰਣ ਦੇ ਟਿਕਾਊ ਵਿਕਾਸ ਲਈ ਰਾਸ਼ਟਰੀ ਰਾਜਮਾਰਗਾਂ ਦੇ ਨਾਲ ਗ੍ਰੀਨ ਕਾਰੀਡੋਰ ਵਿਕਸਿਤ ਕਰਨ ਦੇ ਉਦੇਸ਼ ਨਾਲ ਸਤੰਬਰ 2015 ਵਿਚ ਗ੍ਰੀਨ ਕਾਰੀਡੋਰ ਅਤੇ ਪ੍ਰੋਮੋਲਗੇਟਿਡ ਗ੍ਰੀਨ ਹਾਈਵੇਅਜ਼ (ਪਲਾਂਟੇਸ਼ਨ, ਟ੍ਰਾਂਸਪਲਾਂਟੇਸ਼ਨ, ਸੁੰਦਰੀਕਰਨ ਅਤੇ ਰੱਖ-ਰਖਾਅ) ਨੀਤੀ ਵਿਕਸਿਤ ਕਰਨ ਦੀ ਲੋੜ ਅਤੇ ਮਹੱਤਵ ਨੂੰ ਮਹਿਸੂਸ ਕੀਤਾ। ਇਸ ਨੀਤੀ ਦੇ ਬਾਅਦ ਦੇ ਸਾਲਾਂ ਵਿਚ 2016-17 ਤੋਂ 2020-21 ਤੱਕ 2 ਕਰੋੜ ਤੋਂ ਜ਼ਿਆਦਾ ਪੌਦੇ ਲਗਾਏ ਗਏ ਹਨ।
ਇਸ ਪ੍ਰਕਿਰਿਆ ਵਿਚ ਅਸੀਂ ਰਾਜਮਾਰਗ ਨਿਰਮਾਣ ਦੀ ਦਰ ਦੇ ਸੰਦਰਭ ਵਿਚ ਕੁਝ ਵਰਲਡ ਰਿਕਾਰਡ ਬਣਾਏ, ਜੋ ਕਈ ਹੋਰ ਦੇਸ਼ਾਂ ਵਿਚ 37 ਕਿਲੋਮੀਟਰ ਪ੍ਰਤੀ ਦਿਨ ਦੀ ਦਰ ਨਾਲ ਦੁਨੀਆ ਵਿਚ ਸਭ ਤੋਂ ਵੱੱਧ ਹੈ।
ਸ਼੍ਰੀ ਨਿਤਿਨ ਗਡਕਰੀ (ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ)